"ਜਿਸ ਸੂਬੇ ਦਾ ਮੁੱਖ ਮੰਤਰੀ ਈਡੀ ਜਾਂਚ ਦਾ ਸਾਹਮਣਾ ਕਰ ਰਿਹਾ ਹੋਵੇ ਉਹ ਸੂਬਾ ਵਿਕਾਸ ਕਿਵੇਂ ਕਰੇਗਾ" - ਰਾਘਵ ਚੱਡਾ
ਮੋਹਾਲੀ: ਆਮ ਆਦਮੀ ਪਾਰਟੀ (ਆਪ) ਦੇ ਆਗੂ ਰਾਘਵ ਚੱਢਾ ਨੇ ਕਿਹਾ ਹੈ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਵਿਅਕਤੀ ਦੀ ਅਗਵਾਈ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ ਹੋਵੇ ਤਾਂ ਸੂਬੇ ਦਾ ਵਿਕਾਸ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਦਿੱਗਜ ਕਰਨਗੇ ਪ੍ਰਚਾਰ, ਪ੍ਰਿਅੰਕਾ ਗਾਂਧੀ ਪਹਿਲੀ ਵਾਰ ਕਰੇਗੀ ਚੋਣ ਪ੍ਰਚਾਰ
ਚੱਢਾ ਨੇ ਕਿਹਾ ਕਿ "ਚਰਨਜੀਤ ਸਿੰਘ ਚੰਨੀ ਨੇ ਰੇਤ ਮਾਫੀਆ ਨੂੰ ਹੱਲਾਸ਼ੇਰੀ ਦਿੱਤੀ। ਉਹ ਖੁਦ ਇਸ ਵਿੱਚ ਸ਼ਾਮਲ ਹੈ। ਜਿਸ ਸੂਬੇ ਦਾ ਮੁੱਖ ਮੰਤਰੀ ਖੁਦ ਰੇਤ ਮਾਫੀਆ ਨਾਲ ਜੁੜਿਆ ਹੋਵੇ, ਉਸ ਸੂਬੇ ਦਾ ਵਿਕਾਸ ਕਿਵੇਂ ਹੋਵੇਗਾ?"
ਰੋਪੜ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਚੰਨੀ ਨੂੰ ਦਿੱਤੀ ਗਈ ਕਲੀਨ ਚਿੱਟ ਦੇ ਗੁਣਾਂ 'ਤੇ ਸਵਾਲ ਉਠਾਉਂਦਿਆਂ ਚੱਢਾ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। 'ਆਪ' ਆਗੂ ਨੇ ਕਿਹਾ ''ਇਹ ਇਸ ਤਰ੍ਹਾਂ ਹੈ ਜਿਵੇਂ ਦੋਸ਼ੀ ਆਪਣੇ ਆਪ ਨੂੰ ਕਲੀਨ ਚਿੱਟ ਦੇ ਰਿਹਾ ਹੋਵੇ।"
ਉਨ੍ਹਾਂ ਅੱਗੇ ਕਿਹਾ “ਕੀ ਅਸੀਂ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਅਤੇ ਜ਼ਬਤੀਆਂ ਦਾ ਭੁਲੇਖਾ ਪਾ ਰਹੇ ਹਾਂ।” ਚੱਢਾ ਨੇ ਕਿਹਾ ਕਿ ਜੇਕਰ 'ਆਪ' ਸੱਤਾ 'ਚ ਆਉਂਦੀ ਹੈ ਤਾਂ ਉਹ ਰੇਤ ਮਾਫੀਆ ਨਾਲ ਜੁੜੇ ਸਾਰੇ ਮਾਮਲਿਆਂ ਦੀ ਜਾਂਚ ਕਰਨਗੇ।
ਉਨ੍ਹਾਂ ਕਿਹਾ "ਅਸੀਂ ਰੇਤ ਮਾਫੀਆ ਨਾਲ ਸਬੰਧਤ ਹਰੇਕ ਮਾਮਲੇ ਦੀ ਸੁਤੰਤਰ ਤੌਰ 'ਤੇ ਜਾਂਚ ਕਰਾਂਗੇ। ਅਸੀਂ ਯਕੀਨੀ ਬਣਾਵਾਂਗੇ ਕਿ ਇਨਸਾਫ਼ ਮਿਲੇ।"
ਪਿਛਲੇ ਮਹੀਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਰਿਹਾਇਸ਼ੀ ਅਹਾਤੇ ਤੋਂ 10 ਕਰੋੜ ਰੁਪਏ, 21 ਲੱਖ ਰੁਪਏ ਤੋਂ ਵੱਧ ਦਾ ਸੋਨਾ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਜ਼ਬਤ ਕੀਤੀ ਸੀ।
ਇਹ ਵੀ ਪੜ੍ਹੋ: ਪਟਿਆਲਾ ਵਿਖੇ ਅਮਿਤ ਸ਼ਾਹ ਦੀ ਚੋਣ ਮੀਟਿੰਗ ਦਾ ਕਿਸਾਨਾਂ ਵੱਲੋਂ ਵਿਰੋਧ
ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਰਾਜ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤ ਕੇ ਪੂਰਨ ਬਹੁਮਤ ਹਾਸਲ ਕੀਤਾ ਸੀ।
- ਏਐਨਆਈ ਦੇ ਸਹਿਯੋਗ ਨਾਲ
-PTC News