ਬਿਜਲਈ ਸਕੂਟੀ ਨੂੰ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਹੋਇਆ ਸੁਆਹ
ਅੰਮ੍ਰਿਤਸਰ : ਅੱਜ ਸਵੇਰੇ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਵਿੱਚ ਇਕ ਘਰ ਨੂੰ ਅੱਗ ਲੱਗ ਗਈ ਤੇ ਪਰਿਵਾਰ ਦਾ ਵਾਲ-ਵਾਲ ਬਚਾਅ ਹੋ ਗਿਆ। ਅੱਗ ਲੱਗਣ ਤੋਂ ਪਹਿਲਾਂ ਸਵੇਰੇ 6 ਵਜੇ ਦੇ ਕਰੀਬ ਇਲੈਕਟ੍ਰਿਕ ਐਕਟਿਵਾ ਚਾਰਜ ਹੋਣ ਲਈ ਲਗਾਈ ਗਈ ਸੀ ਤੇ ਕੁਝ ਮਿੰਟ ਬਾਅਦ ਹੀ ਐਕਵਿਟਾ ਨੂੰ ਅੱਗ ਲੱਗ ਗਈ ਤੇ ਪੂਰੇ ਘਰ ਨੂੰ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਦਲਜੀਤ ਸਿੰਘ ਵਾਸੀ ਗੁਰੂ ਕੀ ਵਡਾਲੀ ਦੇ ਘਰੇ ਇਹ ਘਟਨਾ ਵਾਪਰੀ। ਪਰਿਵਾਰਕ ਮੈਂਬਰ ਮਨਪ੍ਰੀਤ ਨੇ ਇਲੈਕਟ੍ਰਿਕ ਵਾਹਨ ਨੂੰ ਚਾਰਜ ਲਈ ਲਗਾਇਆ ਸੀ। ਇਸ ਤੋਂ ਕੁਝ ਦੇਰ ਬਾਅਦ ਇਲੈਕਟ੍ਰਾਨਿਕ ਵਾਹਨ ਨੂੰ ਅੱਗ ਲੱਗ ਗਈ। ਸਾਰਾ ਪਰਿਵਾਰ ਅੰਦਰ ਫਸ ਗਿਆ ਅਤੇ ਪਿੰਡ ਵਾਸੀਆਂ ਨੇ ਗੇਟ ਨੂੰ ਕਟਰ ਨਾਲ ਕੱਟ ਕੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ। ਐਡਵੋਕੇਟ ਸੰਜੀਵ ਕੁਮਾਰ ਪੂਰੀ ਚੇਅਰਮੈਨ ਡਾ. ਅੰਬੇਡਕਰ ਮਾਨਵ ਅਧਿਕਾਰ ਸੁਰੱਖਿਆ ਸੰਮਤੀ ਅਤੇ ਜਸਵੰਤ ਸਿੰਘ ਚੇਅਰਮੈਨ ਪੰਜਾਬ ਨੇ ਦੱਸਿਆ ਕਿ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋ ਗਿਆ। ਅੱਗ ਲੱਗਣ ਕਾਰਨ ਇਸ ਪਰਿਵਾਰ ਦਾ ਕਰੀਬ ਤਿੰਨ ਲੱਖ ਰੁਪਏ ਨੁਕਸਾਨ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਸਕੂਟੀ ਨੂੰ ਲਏ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਪਿੰਡ ਦੇ ਮੋਹਤਬਰਾਂ ਨੇ ਸਕੂਟੀ ਦੀ ਕੰਪਨੀ ਦੇ ਨੁਮਾਇੰਦਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਪਰ ਕੋਈ ਵੀ ਮੌਕੇ ਉਤੇ ਨਹੀਂ ਪੁੱਜਿਆ। ਜ਼ਿਕਰਯੋਗ ਹੈ ਕਿ ਇਲੈਕਟ੍ਰਿਕ ਵਾਹਨਾਂ ਨੂੰ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਲੋਕ ਹੁਣ ਇਨ੍ਹਾਂ ਨੂੰ ਖ਼ਰੀਦਣਾ ਸੁਰੱਖਿਅਤ ਨਹੀਂ ਸਮਝ ਰਹੇ। ਇਸ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿੱਚ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ 'ਚ ਹੈਦਰਾਬਾਦ ਨੇੜੇ ਨਿਜ਼ਾਮਾਬਾਦ 'ਚ ਸਕੂਟਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਇਸ ਵਿਚ ਇਕ 80 ਸਾਲਾ ਵਿਅਕਤੀ ਦੀ ਸੜ ਕੇ ਮੌਤ ਹੋ ਗਈ ਸੀ, ਜਦਕਿ ਪਰਿਵਾਰ ਦੇ ਤਿੰਨ ਹੋਰ ਮੈਂਬਰ ਝੁਲਸੇ ਗਏ ਸਨ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੀ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਦਾ ਗਠਨ ਕੀਤਾ ਸੀ। ਇਸ ਕਾਰਨ ਇਲੈਕਟ੍ਰਿਕ ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਇਹ ਵੀ ਪੜ੍ਹੋ : 5 ਮਈ ਤੋਂ ਪੜਾਅਵਾਰ ਬੰਦ ਹੋਣਗੀਆਂ ਅਨਾਜ ਮੰਡੀਆਂ : ਲਾਲ ਚੰਦ ਕਟਾਰੂਚੱਕ