ਸ੍ਰੀ ਹਰਿਮੰਦਰ ਸਾਹਿਬ 'ਚ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂਆਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ
ਅੰਮ੍ਰਿਤਸਰ: ਉੱਤਰੀ ਭਾਰਤ 'ਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਗੁਰੂ ਨਗਰੀ ਅਮ੍ਰਿਤਸਰ 'ਚ ਵੀ ਵਧਦੀ ਗਰਮੀ ਨਾਲ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਦਰਜ ਕੀਤਾ ਗਿਆ। ਤਪਦੀ ਗਰਮੀ ਤੇ ਲੂ ਦੇ ਚਲਦਿਆਂ ਲੋਕ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ ਪਰ ਜੇ ਕਰ ਗੱਲ ਕੀਤੀ ਜਾਵੇ ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਾਂ ਗੁਰੂ ਰਾਮਦਾਸ ਦੇ ਦਰ ਦਾ ਅਸ਼ੀਰਵਾਦ ਲੈਣ ਲਈ ਸੰਗਤਾਂ ਸ਼ਰਧਾ ਭਾਵਨਾ ਨਾਲ ਪੁਹੁੰਚੀਆਂ ਹਨ। ਪਰ ਇਥੇ ਕੋਈ ਵੀ ਝੁਲਸਾਉਂਦੀ ਗਰਮੀ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਦੇਸ਼ ਵਿਦੇਸ਼ਾਂ ਤੋਂ ਸ਼ਰਧਾਲੂ ਵੱਡੀ ਗਿਣਤੀ 'ਚ ਗੁਰੂ ਘਰ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਰਧਾਲੂਆਂ ਨੂੰ ਤਪਦੀ ਗਰਮੀ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ਤੇ ਪਰਿਕਰਮਾ 'ਚ ਵਿਛਾਏ ਟਾਟਾਂ ਤੇ ਲਗਾਤਾਰ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ: PSSSB ਨੇ ਆਬਕਾਰੀ ਤੇ ਕਰ ਇੰਸਪੈਕਟਰ ਦੀਆਂ ਕੱਢੀਆਂ ਪੋਸਟਾਂ, ਇਸ ਤਾਰੀਕ ਤੱਕ ਕਰ ਸਕਦੇ ਅਪਲਾਈ ਸੰਗਤ ਨੂੰ ਲੁ ਤੋਂ ਰਾਹਤ ਦੇਣ ਲਈ ਪੱਖੇ ਤੇ ਕੂਲਰਾਂ ਦਾ ਪ੍ਰਬੰਧ ਕੀਤਾ ਗਿਆ ਹੈ, ਸੰਗਤ ਨੂੰ ਧੂਪ ਤੋਂ ਬਚਾਉਣ ਲਈ ਸ੍ਰੀ ਅਕਾਲ ਤਖਤ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਟੈਂਟ ਲਗਾਏ ਗਏ ਹਨ। ਇਸ ਦੇ ਨਾਲ ਨਾਲ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਚਲਾਈਆਂ ਜਾ ਰਹੀਆਂ ਹਨ। ਸਰਾਵਾਂ 'ਚ ਏ ਸੀ ਕਮਰਿਆਂ ਦਾ ਵੀ ਇੰਤਜਾਮ ਕੀਤਾ ਗਿਆ ਹੈਂ ਤਾਂ ਜੋ ਸ਼ਰਧਾਲੁਆ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਧਰ ਸ਼ਰਧਾਲੂਆਂ ਅਨੁਸਾਰ ਭਾਵੇਂ ਹੱਡ ਕੰਪਕਪਾਉਦੀ ਸਰਦੀ ਹੋਵੇ ਜਾਂ ਫੇਰ ਤਪਦੀ ਗਰਮੀ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਤੇ ਇਸ ਦਾ ਕੋਈ ਅਸਰ ਨਹੀ ਹੁੰਦਾ। ਇਸ ਪਾਵਨ ਅਸਥਾਨ ਤੇ ਆ ਕੇ ਸਾਰੇ ਕਸ਼ਟ ਕੱਟੇ ਜਾਂਦੇ ਹਨ ਅਤੇ ਸੱਚੇ ਦਿਲ ਨਾਲ ਕੀਤੀ ਹਰ ਅਰਦਾਸ ਜੋਦੜੀ ਪੂਰੀ ਹੁੰਦੀ ਹੈ। ਸੰਗਤ ਵਲੋਂ ਵੀ ਗਰਮੀ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। (ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ) -PTC News