ਐਂਬੂਲੈਂਸ ਨਹੀਂ ਦਿੱਤੀ ਤਾਂ ਮ੍ਰਿਤਕ ਨਵਜੰਮੇ ਨੂੰ ਮੋਟਰਸਾਈਕਲ ਦੀ ਡਿੱਕੀ 'ਚ ਰੱਖ ਕਲੈਕਟੋਰੇਟ ਕੋਲ ਪਹੁੰਚਿਆ ਪਿਤਾ
ਸਿੰਗਰੌਲੀ, 19 ਅਕਤੂਬਰ: ਭ੍ਰਿਸ਼ਟ ਸਿਸਟਮ ਦੀਆਂ ਸ਼ਰਮਨਾਕ ਤਸਵੀਰਾਂ ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਤੋਂ ਸਾਹਮਣੇ ਆਈਆਂ ਹਨ, ਜਿੱਥੇ ਨਵਜੰਮੇ ਬੱਚੇ ਦੀ ਲਾਸ਼ ਨੂੰ ਲਿਜਾਣ ਲਈ ਐਂਬੂਲੈਂਸ ਵੀ ਨਹੀਂ ਸੀ। ਮਜ਼ਬੂਰ ਹੋ ਕੇ ਪਿਤਾ ਮੋਟਰਸਾਈਕਲ ਦੀ ਡਿੱਕੀ 'ਚ ਲਾਸ਼ ਲੈ ਕੇ ਕਲੈਕਟਰ ਕੋਲ ਪਹੁੰਚਿਆ। ਜਿਸ ਤੋਂ ਬਾਅਦ ਕੁਲੈਕਟਰ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਅਨੁਸਾਰ 17 ਅਕਤੂਬਰ ਨੂੰ ਦਿਨੇਸ਼ ਭਾਰਤੀ ਆਪਣੀ ਪਤਨੀ ਮੀਨਾ ਭਾਰਤੀ ਨੂੰ ਡਿਲੀਵਰੀ ਕਰਵਾਉਣ ਲਈ ਸਿੰਗਰੌਲੀ ਜ਼ਿਲ੍ਹੇ ਦੇ ਜ਼ਿਲ੍ਹਾ ਹਸਪਤਾਲ ਟਰਾਮਾ ਸੈਂਟਰ ਲੈ ਕੇ ਗਿਆ ਸੀ। ਹਸਪਤਾਲ ਦੀ ਡਾਕਟਰ ਸਰਿਤਾ ਸ਼ਾਹ ਨੇ ਜਣੇਪੇ ਦਾ ਕਾਰਨ ਦੱਸ ਕੇ ਔਰਤ ਨੂੰ ਸਰਕਾਰੀ ਡਾਕਟਰ ਤੋਂ ਪ੍ਰਾਈਵੇਟ ਕਲੀਨਿਕ ਵਿੱਚ ਭੇਜ ਦਿੱਤਾ ਅਤੇ 5 ਹਜ਼ਾਰ ਰੁਪਏ ਵੀ ਲੈ ਲਏ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੱਚੇ ਦੀ ਗਰਭ ਵਿੱਚ ਹੀ ਮੌਤ ਹੋ ਗਈ ਹੈ ਤਾਂ ਉਸ ਨੂੰ ਵਾਪਸ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਹੀ ਡਿਲੀਵਰੀ ਹੋਈ ਤੇ ਮਰੇ ਬੱਚੇ ਨੂੰ ਦੇਖ ਕੇ ਮਾਂ ਦਾ ਬੁਰਾ ਹਾਲ ਹੋ ਗਿਆ। ਬੱਚੇ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਹਸਪਤਾਲ ਵਾਲਿਆਂ ਤੋਂ ਐਂਬੂਲੈਂਸ ਦੀ ਮੰਗ ਕੀਤੀ ਤਾਂ ਜੋ ਉਹ ਬੱਚੇ ਨੂੰ ਆਪਣੇ ਪਿੰਡ ਲੈ ਕੇ ਜਾ ਕੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਪਰ ਉਨ੍ਹਾਂ ਨੂੰ ਐਂਬੂਲੈਂਸ ਵੀ ਨਸੀਬ ਨਹੀਂ ਹੋਈ। ਇਹ ਵੀ ਪੜ੍ਹੋ: CM ਮਾਨ ਕੇਜਰੀਵਾਲ ਦੀ ਹਵਾਈ ਸਫ਼ਰ ਲਈ ਖਜ਼ਾਨੇ 'ਚੋਂ ਕਰੋੜਾਂ ਰੁਪਏ ਕਿਉਂ ਖਰਚ ਰਹੇ: ਅਕਾਲੀ ਦਲ ਜਿਸ ਤੋਂ ਬਾਅਦ ਪਿਤਾ ਦਿਨੇਸ਼ ਭਾਰਤੀ ਨੇ ਮ੍ਰਿਤਕ ਬੱਚੇ ਦੀ ਦੇਹ ਨੂੰ ਲਿਫਾਫੇ 'ਚ ਪਾ ਕੇ ਆਪਣੇ ਮੋਟਰਸਾਈਕਲ ਦੀ ਡਿੱਕੀ 'ਚ ਪਾ ਦਿੱਤਾ ਅਤੇ ਕਲੈਕਟੋਰੇਟ ਪਹੁੰਚ ਗਿਆ। ਪਿਤਾ ਨੇ ਕਲੈਕਟਰ ਨੂੰ ਆਪਣੀ ਸ਼ਿਕਾਇਤ ਦੱਸੀ। ਜਿਸਤੋਂ ਬਾਅਦ ਕਲੈਕਟਰ ਨੇ ਐਸਡੀਐਮ ਨੂੰ ਤੁਰੰਤ ਜਾਂਚ ਦੇ ਹੁਕਮ ਦਿੱਤੇ। ਕੁਲੈਕਟਰ ਨੇ ਕਿਹਾ ਕਿ ਜੇਕਰ ਜਾਂਚ 'ਚ ਤੱਥ ਸਹੀ ਪਾਏ ਗਏ ਤਾਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। -PTC News