ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਨੇ ਤਿੰਨਾਂ ਗੈਂਗਸਟਰਾਂ ਤੂਫ਼ਾਨ, ਰਈਆ ਅਤੇ ਮੱਖਣ ਨੂੰ ਭੇਜਿਆ ਜੇਲ੍ਹ
ਹੁਸ਼ਿਆਰਪੁਰ, 30 ਸਤੰਬਰ: ਹੁਸ਼ਿਆਰਪੁਰ ਫਰੂਟ ਵਪਾਰੀ ਦੇ ਅਗਵਾ ਮਾਮਲੇ 'ਚ ਰਿਮਾਂਡ 'ਤੇ ਲਿਆਏ ਗਏ ਗੈਂਗਸਟਰ ਮਨਦੀਪ ਤੂਫਾਨ, ਮਨਪ੍ਰੀਤ ਰਈਆ ਅਤੇ ਮੱਖਣ ਸਿੰਘ ਨੂੰ ਅੱਜ ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਮੱਖਣ ਸਿੰਘ ਨੂੰ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਮਨਪ੍ਰੀਤ ਅਤੇ ਮਨਦੀਪ ਦਾ ਰਿਮਾਂਡ ਲੈਣ ਲਈ ਅਦਾਲਤ 'ਚ ਅਪੀਲ ਕਰਨ ਪਹੁੰਚੀ ਸੀ। ਰਾਜਾ ਕੰਧੋਵਾਲੀਆ ਦੇ ਕਤਲ ਦੇ ਦੋਸ਼ੀਆਂ ਨੂੰ ਪਨਾਹ ਦੇਣ ਦੇ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਦੋਵਾਂ ਗੈਂਗਸਟਰਾਂ ਨੂੰ ਪੁੱਛਗਿੱਛ ਲਈ ਲੈ ਕੇ ਜਾਣਾ ਚਾਹੁੰਦੀ ਸੀ। ਪਰ ਅੰਮ੍ਰਿਤਸਰ ਪੁਲਿਸ ਦੀ ਅਰਜ਼ੀ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਅਤੇ ਮਨਪ੍ਰੀਤ ਅਤੇ ਮਨਦੀਪ ਨੂੰ ਵੀ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਅਤੇ ਮਨਦੀਪ ਦੇ ਵਕੀਲ ਅਮਿਤ ਅਗਨੀਹੋਤਰੀ ਨੇ ਦੱਸਿਆ ਕਿ ਮਨਦੀਪ ਅਤੇ ਮਨਪ੍ਰੀਤ ਦੋਵਾਂ ਨੂੰ ਮਾਨਸਾ ਤੋਂ ਹੁਸ਼ਿਆਰਪੁਰ ਪੁਲਿਸ ਅਗਵਾ ਮਾਮਲੇ 'ਚ ਪੁੱਛਗਿੱਛ ਲਈ ਲੈ ਕੇ ਆਈ ਸੀ, ਜਿਸ ਕਾਰਨ ਅੱਜ ਉਨ੍ਹਾਂ ਦਾ ਤਿੰਨ ਦਿਨ ਦਾ ਰਿਮਾਂਡ ਖਤਮ ਹੋ ਗਿਆ। ਜਿਸ ਕਾਰਨ ਅੰਮ੍ਰਿਤਸਰ ਪੁਲਿਸ ਰਾਜਾ ਕੰਧੋਵਾਲੀਆ ਕਤਲ ਕਾਂਡ ਦੇ ਦੋਸ਼ੀਆਂ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਦੋਵਾਂ ਦਾ ਰਿਮਾਂਡ ਲੈਣਾ ਚਾਹੁੰਦੀ ਸੀ ਪਰ ਅੰਮ੍ਰਿਤਸਰ ਪੁਲਿਸ ਦੀ ਅਰਜ਼ੀ ਨੂੰ ਜੱਜ ਸਾਹਿਬ ਵੱਲੋਂ ਰੱਦ ਕਰ ਦਿੱਤਾ ਗਿਆ ਅਤੇ ਦੋਵਾਂ ਨੂੰ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ: PGI 'ਚ ਦਿਲ ਦੀ ਦਵਾਈ ਤੋਂ ਬਣਾਇਆ ਮੱਲ੍ਹਮ, ਸ਼ੂਗਰ ਦੇ ਮਰੀਜ਼ਾਂ ਦੇ ਭਰਨਗੇ ਜਲਦੀ ਜ਼ਖ਼ਮ ਮੱਖਣ ਸਿੰਘ ਦੇ ਵਕੀਲ ਅਨੁਸਾਰ ਮੱਖਣ ਨੂੰ ਹੁਸ਼ਿਆਰਪੁਰ ਪੁਲਿਸ ਵੱਲੋਂ 21 ਸਤੰਬਰ ਨੂੰ ਅਗਵਾ ਕਾਂਡ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ ਪਰ ਇਸ ਦੌਰਾਨ ਪੁਲਿਸ ਨੂੰ ਮੱਖਣ ਕੋਲੋਂ ਕੋਈ ਜਾਣਕਾਰੀ ਹਾਸਿਲ ਨਹੀਂ ਹੋ ਪਾਈ ਹੈ, ਜਿਸ ਕਾਰਨ ਜੱਜ ਸਾਹਿਬ ਨੇ ਮੱਖਣ ਨੂੰ ਵੀ ਹੁਸ਼ਿਆਰਪੁਰ ਜੇਲ੍ਹ ਭੇਜ ਦਿੱਤਾ ਹੈ। -PTC News