ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਨੇ ਖੋਲ੍ਹੀ 'ਆਪ' ਸਰਕਾਰ ਦੇ ਦਾਅਵਿਆਂ ਦੀ ਪੋਲ
ਹੁਸ਼ਿਆਰਪੁਰ, 1 ਸਤੰਬਰ: ਜਿੱਥੇ ਸੂਬੇ ਦੀ ਆਮ ਆਦਮੀ ਪਾਰਟੀ ਸਿਹਤ ਸਹੂਲਤਾਵਾਂ ਨੂੰ ਲੈ ਕੇ ਦਮ ਭਰਦੀ ਨਹੀਂ ਥੱਕਦੀ ਉੱਥੇ ਹੀ ਜੇਕਰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੀ ਗੱਲ ਕਰੀਏ ਤਾਂ ਇੱਥੇ ਦੇ ਹਾਲਤ ਅਜਿਹੇ ਨੇ ਜੋ ਸਰਕਾਰ ਦੇ ਸਾਰੇ ਦਾਅਵਿਆਂ ਦੀ ਫੂਕ ਕੱਢਦੇ ਨਜ਼ਰ ਆ ਰਹੇ ਹਨ। ਇੱਕ ਪਾਸੇ ਜਿੱਥੇ ਮਰੀਜ਼ ਆਪਣੀ ਬਿਮਾਰੀ ਨੂੰ ਲੈ ਕੇ ਚਿੰਤਾ 'ਚ ਨੇ, ਉੱਥੇ ਹੀ ਅੱਤ ਦੀ ਗਰਮੀ 'ਚ ਇਲਾਜ ਕਰਵਾਉਣ ਆਏ ਮਰੀਜ਼ ਹਸਪਤਾਲ 'ਚ ਲਾਈਟ ਨਾ ਹੋਣ ਕਾਰਨ ਗਰਮੀ 'ਚ ਤੱਪਦੇ ਦਿਖਾਈ ਦਿੰਦੇ ਹਨ। ਅੱਜ ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਮੁੜ ਤੋਂ ਲਾਈਟ ਜਾਣ ਕਾਰਨ ਹਨੇਰੇ 'ਚ ਡੁੱਬ ਗਿਆ ਤੇ ਡਾਕਟਰ ਟਾਰਚਾਂ ਬਾਲ ਮਰੀਜ਼ਾਂ ਦਾ ਇਲਾਜ ਕਰਦੇ ਦਿਖਾਈ ਦਿੱਤੇ। ਇਸ ਸਬੰਧੀ ਜਦੋਂ ਹਸਪਤਾਲ 'ਚ ਇਲਾਜ ਕਰਵਾਉਣ ਆਏ ਮਰੀਜ਼ਾਂ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਵੀ ਹਸਪਤਾਲ ਦੇ ਪਹਿਲਾਂ ਵਾਂਗ ਹੀ ਮਾੜੇ ਹਾਲਾਤ ਨੇ ਅਤੇ 'ਆਪ' ਦੀ ਸਰਕਾਰ ਆਉਣ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ। ਲੋਕਾਂ ਦਾ ਕਹਿਣਾ ਕਿ ਸਰਕਾਰ ਨੂੰ 'ਮੁਹੱਲਾ ਕਲੀਨਿਕ' ਖੋਲ੍ਹਣ ਦੀ ਬਜਾਏ ਪਹਿਲਾਂ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਸੀ। ਸ਼ਾਮ ਚਾਰੌਸੀ ਤੋਂ ਆਪਣੇ ਮਰੀਜ਼ ਨੂੰ ਦਾਖ਼ਲ ਕਰਵਾਉਣ ਆਈ ਮਨਜੀਤ ਕੌਰ ਨੇ ਦੱਸਿਆ ਕਿ ਬਿਜਲੀ ਦੇ ਵੱਡੇ ਵੱਡੇ ਕੱਟਾਂ ਕਰਕੇ ਖਾਣ ਵਾਲੀ ਪਲੇਟ ਨੂੰ ਪੱਖੀ ਬਣਾ ਆਪਣੇ ਮਰੀਜ਼ ਨੂੰ ਝੱਲਣੀ ਪੈ ਰਹੀ ਹੈ ਅਤੇ ਗੁਸਲਖਾਨਿਆਂ ਦਾ ਹਾਲ ਬਦ ਤੋਂ ਬਦਤਰ ਹੈ। ਸਥਾਨਕ ਮਹਿਲਾ ਆਸ਼ਾ ਦਾ ਕਹਿਣਾ ਕਿ ਹਸਪਤਾਲ ਦੇ ਗੁਸਲਖਾਨਿਆਂ ਦਾ ਤਾਂ ਇਨ੍ਹਾਂ ਮਾੜਾ ਹਾਲ ਹੈ ਕਿ ਉਨ੍ਹਾਂ 'ਚ ਜਾਣ ਨੂੰ ਵੀ ਜੀ ਨਹੀਂ ਕਰਦਾ। ਉਨ੍ਹਾਂ ਦਾ ਕਹਿਣਾ ਸੀ ਕਿ ਪਾਵੇ ਸੂਬੇ 'ਚ 'ਆਪ' ਦੀ ਸਰਕਾਰ ਆ ਗਈ ਹੈ ਪਰ ਸੁਧਾਰ ਫਿਰ ਵੀ ਨਾ ਮਾਤਰ ਹੈ। ਹਾਲਾਤ ਇਹ ਹਨ ਕੇ ਜਨਰਲ ਵਾਰਡਾਂ 'ਚ ਲਾਈਟ ਨਹੀਂ ਹੈ, ਮਰੀਜ਼ ਤੇ ਉਨ੍ਹਾਂ ਨਾਲ ਆਏ ਲੋਕ ਘਬਰਾਏ ਹੋਏ ਨੇ ਜਦਕਿ ਡਾਕਟਰਾਂ ਦੇ ਕਮਰਿਆਂ 'ਚ ਪੂਰੇ ਏਸੀ ਛੱਡੇ ਹੁੰਦੇ ਹਨ। ਸ਼ਾਮ ਚਾਰੌਸੀ ਤੋਂ ਠਾਕੁਰ ਆਪਣੇ ਮਾਤਾ ਜੀ ਨੂੰ ਹੁਸ਼ਿਆਰਪੁਰ ਦਾਖ਼ਲ ਕਰਵਾਉਣ ਆਏ ਸਨ, ਉਨ੍ਹਾਂ ਦੀ ਮਾਤਾ ਜੀ ਦੀ ਇੱਕ ਹਾਦਸੇ 'ਚ ਲੱਤ ਕੱਟੀ ਗਈ ਸੀ। ਠਾਕੁਰ ਦਾ ਕਹਿਣਾ ਸੀ ਕਿ ਹਸਪਤਾਲ 'ਚ ਕੋਈ ਸੁਣਵਾਈ ਨਹੀਂ ਹੈ। ਉਸਨੇ ਦੱਸਿਆ ਕਿ ਘੰਟਾ ਹੋ ਗਿਆ ਲਾਈਨ 'ਚ ਖੜੇ ਨੂੰ ਪਰ ਅੱਜੇ ਵੀ ਵਾਰੀ ਨਹੀਂ ਆਈ ਹੈ। ਉਨ੍ਹੇ ਇਲਜ਼ਾਮ ਲਾਇਆ ਕਿ ਆਪ ਡਾਕਟਰ ਏਸੀ ਵਾਲੇ ਕਮਰਿਆਂ 'ਚ ਬੈਠੇ ਨੇ ਤੇ ਜਨਤਾ ਬਾਹਰੇ ਗਰਮੀ 'ਚ ਮਰਦੀ ਪਈ ਹੈ। ਅਮਨਦੀਪ ਨਾਮਕ ਮਰੀਜ਼ ਜੋ ਪਰਚੀ ਜਮ੍ਹਾ ਕਰਵਾਉਣ ਆਏ ਸਨ, ਨੇ ਦੱਸਿਆ ਕਿ 'ਆਪ' ਦੀ ਸਰਕਾਰ ਮੁਹੱਲਾ ਕਲੀਨਿਕ ਖੋਲਣ ਨੂੰ ਕਰ ਰਹੀ ਹੈ ਜਦਕਿ ਉਨ੍ਹਾਂ ਨੂੰ ਪਹਿਲਾਂ ਤੋਂ ਚੱਲ ਰਹੇ ਹਸਪਤਾਲਾਂ ਦੀ ਦੁਰਦਸ਼ਾ ਨੂੰ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਵੀ ਪੜ੍ਹੋ: ਡੀਜੀਪੀ ਦੇ ਅਹੁਦੇ ਨੂੰ ਲੈ ਕੇ ਮੁੜ ਖੜ੍ਹਾ ਹੋਇਆ ਭੰਬਲਭੂਸਾ -PTC News