ਇੰਜੀਨੀਅਰ ਸੋਹਣਾ ਤੇ ਮੋਹਣਾ ਦੀ ਕੀਤੀ ਮਾਨਾਂਵਾਲਾ ਬਦਲੀ
ਅੰਮਿ੍ਤਸਰ : ਪੀਐਸਪੀਸੀਐਲ ਦੇ ਇੰਜੀਨੀਅਰ ਸੋਹਣਾ ਸਿੰਘ ਤੇ ਮੋਹਣਾ ਸਿੰਘ ਜੋ ਕਿ ਇਕ ਧੜ ਨਾਲ ਜੁੜੇ ਹੋਏ ਭਰਾ ਹਨ, ਦੀ ਬਦਲੀ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਉਨ੍ਹਾਂ ਦੀ ਮੰਗ ਉਤੇ ਮਾਨਾਂਵਾਲਾ ਬਿਜਲੀ ਦਫ਼ਤਰ ਦੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਉਕਤ ਦੋਵਾਂ ਭਰਾਵਾਂ ਨੂੰ ਵਿਸ਼ਵ ਪ੍ਸਿੱਧ ਸੰਸਥਾ ਭਗਤ ਪੂਰਨ ਸਿੰਘ ਪਿੰਗਲਵਾੜਾ ਨੇ ਪੜ੍ਹਾਇਆ ਅਤੇ ਪਾਲਣ ਪੋਸ਼ਣ ਕੀਤਾ ਹੈ। ਉਕਤ ਦੋਵੇਂ ਇਸ ਵੇਲੇ ਪਾਵਰ ਕਾਲੋਨੀ ਮਜੀਠਾ ਰੋਡ ਅੰਮਿ੍ਤਸਰ ਵਿਖੇ ਆਰ ਟੀ ਐਮ ਦੀ ਪੋਸਟ ਉਤੇ ਤਾਇਨਾਤ ਹਨ ਅਤੇ ਅਜੇ ਵੀ ਪਿੰਗਲਵਾੜਾ ਦੇ ਮਾਨਾਂਵਾਲਾ ਸਥਿਤ ਕੈਂਪਸ ਵਿੱਚ ਰਹਿੰਦੇ ਹਨ। ਅੱਜ ਦੋਵੇਂ ਭਰਾ ਸ੍ਰੀ ਹਰਭਜਨ ਸਿੰਘ ਈ ਟੀ ਓ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਮਿਲੇ ਅਤੇ ਮਾਨਾਂਵਾਲਾ ਤੋਂ ਮਜੀਠਾ ਰੋਡ ਦਫਤਰ ਦੀ ਦੂਰੀ ਦੱਸਕੇ ਆਉਣ ਜਾਣ ਦੀ ਤਕਲੀਫ਼ ਦਾ ਜ਼ਿਕਰ ਕੀਤਾ। ਹਰਭਜਨ ਸਿੰਘ ਨੇ ਉਨ੍ਹਾਂ ਦੀ ਜਾਇਜ਼ ਮੰਗ ਸੁਣਦੇ ਹੋਏ ਪਟਿਆਲਾ ਸਥਿਤ ਪੀ ਐਸਪੀਸੀਐਲ ਦੇ ਮੁੱਖ ਦਫ਼ਤਰ ਨਾਲ ਰਾਬਤਾ ਕੀਤਾ ਅਤੇ ਤੁਰੰਤ ਉਕਤ ਦੋਵੇਂ ਭਰਾਵਾਂ ਦੀ ਬਦਲੀ ਮਾਨਾਂਵਾਲਾ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਰਟੀਐਮ ਤੋਂ ਐਸਐਸਏ ਲਗਾਉਣ ਦੀ ਹਦਾਇਤ ਵੀ ਕੀਤੀ ਜਿਸ ਉੱਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਸੋਹਣਾ ਅਤੇ ਮੋਹਣਾ ਦੀ ਬਦਲੀ ਮਾਨਾਂਵਾਲਾ ਬਿਜਲੀ ਦਫਤਰ ਵਿਖੇ ਐਸਐਸਏ ਵਜੋਂ ਤਾਇਨਾਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਹੀ ਸੋਹਣਾ ਤੇ ਮੋਹਣਾ ਨੂੰ ਪਾਸਪੋਰਟ ਵਿਭਾਗ ਵੱਲੋਂ ਪਾਸਪੋਰਟ ਜਾਰੀ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ 2 ਵੱਖ-ਵੱਖ ਪਾਸਪੋਰਟ ਬਣਾਉਣ ਦੀ ਪਰਮਿਸ਼ਨ ਦਿੱਤੀ ਸੀ। ਮੰਤਰਾਲੇ ਵੱਲੋਂ ਪਰਮਿਸ਼ਨ ਆਉਣ ਤੇ ਸਿਰਫ 2 ਘੰਟਿਆਂ ਵਿੱਚ ਹੀ ਸੋਹਣਾ ਤੇ ਮੋਹਣਾ ਨੂੰ ਪਾਸਪੋਰਟ ਮਿਲੇ ਸਨ। ਪਾਸਪੋਰਟ ਅਧਿਕਾਰੀ ਦਾ ਕਹਿਣਾ ਸੀ ਕਿ ਅਜਿਹਾ ਮਾਮਲਾ ਮੇਰੇ ਕਰੀਅਰ ਦਾ ਪਹਿਲਾ ਮਾਮਲਾ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਸੋਹਣਾ ਤੇ ਮੋਹਣਾ ਦਾ ਪਾਸਪੋਰਟ ਬਣਾਉਣ ਦੀ ਪਰਮਿਸ਼ਨ ਵਿਦੇਸ਼ ਮੰਤਰਾਲੇ ਤੋਂ ਮੰਗੀ ਸੀ ਤੇ ਵਿਦੇਸ਼ ਮੰਤਰਾਲੇ ਵੱਲੋਂ ਪਰਮਿਸ਼ਨ ਮਿਲਣ ਤੇ ਹੀ ਪਾਸਪੋਰਟ ਜਾਰੀ ਕਰ ਦਿੱਤਾ ਗਿਆ ਸੀ। ਇਹ ਵੀ ਪੜ੍ਹੋ : ਮਾਛੀਵਾੜਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਲੋਕਾਂ ਦੀ ਹੋਈ ਮੌਤ, ਦੋ ਜ਼ਖ਼ਮੀ