ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਜਾਵੇਗੀ ਜਾਂ ਨਹੀਂ ਇਹ ਫੈਸਲਾ ਗ੍ਰਹਿ ਮੰਤਰਾਲਾ ਲਵੇਗਾ: ਖੇਡ ਮੰਤਰੀ
ਨਵੀਂ ਦਿੱਲੀ, 20 ਅਕਤੂਬਰ: ਅਗਲੇ ਸਾਲ ਪਾਕਿਸਤਾਨ ਜਾਣ ਵਾਲੀ ਭਾਰਤੀ ਟੀਮ ਬਾਰੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਇਸ ਬਾਰੇ ਫੈਸਲਾ ਗ੍ਰਹਿ ਮੰਤਰਾਲੇ ਵੱਲੋਂ ਲਿਆ ਜਾਵੇਗਾ। ਉਨ੍ਹਾਂ ਅੱਜ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਸਾਡੇ ਲਈ ਜ਼ਿਆਦਾ ਮਹੱਤਵਪੂਰਨ ਹੈ। ਏਸ਼ੀਆ ਕੱਪ ਅਗਲੇ ਸਾਲ ਪਾਕਿਸਤਾਨ 'ਚ ਕਰਵਾਇਆ ਜਾਣਾ ਹੈ ਪਰ ਬੀਸੀਸੀਆਈ ਦੇ ਸਕੱਤਰ ਅਤੇ ਏਸ਼ਿਆਈ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ ਸੀ ਕਿ ਟੀਮ ਇੰਡੀਆ ਪਾਕਿਸਤਾਨ ਨਹੀਂ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਟੂਰਨਾਮੈਂਟ ਨਿਰਪੱਖ ਸਥਾਨ 'ਤੇ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ। ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਕਿਸੇ ਦੀ ਗੱਲ ਸੁਣਨ ਦੀ ਸਥਿਤੀ ਵਿੱਚ ਨਹੀਂ ਹੈ। ਖੇਡ ਮੰਤਰੀ ਨੇ ਕਿਹਾ ਕਿ ਇੱਕ ਰੋਜ਼ਾ ਵਿਸ਼ਵ ਕੱਪ ਭਾਰਤ ਵਿੱਚ ਹੋਵੇਗਾ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਸਮੇਤ ਪਾਕਿਸਤਾਨ ਨੂੰ ਹਾਰਦਿਕ ਸੱਦਾ ਦਿੱਤਾ ਜਾਵੇਗਾ ਅਤੇ ਟੂਰਨਾਮੈਂਟ ਤੈਅ ਸਮੇਂ ਅਨੁਸਾਰ ਹੀ ਚੱਲੇਗਾ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਨੂੰ ਪਾਕਿਸਤਾਨ ਭੇਜਣ ਦਾ ਫੈਸਲਾ ਗ੍ਰਹਿ ਮੰਤਰਾਲੇ ਵੱਲੋਂ ਲਿਆ ਜਾਵੇਗਾ ਕਿਉਂਕਿ ਪਾਕਿਸਤਾਨ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਹੈ। ਜੈ ਸ਼ਾਹ ਦੇ ਬਿਆਨ ਤੋਂ ਬਾਅਦ ਜਿੱਥੇ ਪਾਕਿਸਤਾਨ ਹੈਰਾਨ ਹੈ ਉੱਥੇ ਹੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਮਾਮਲੇ 'ਤੇ ਏਸ਼ੀਆਈ ਕ੍ਰਿਕਟ ਕੌਂਸਲ ਦੀ ਐਮਰਜੈਂਸੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਪੀਸੀਬੀ ਨੇ ਏਸੀਸੀ ਨੂੰ ਅਪੀਲ ਕੀਤੀ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਨੂੰ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਮਾਮਲੇ 'ਤੇ ਫੈਸਲਾ ਕਰ ਲੈਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਸੀ ਕਿ ਜੇਕਰ ਭਾਰਤ ਪਾਕਿਸਤਾਨ 'ਚ ਹੋਣ ਵਾਲੇ ਏਸ਼ੀਆ ਕੱਪ ਦਾ ਆਯੋਜਨ ਕਿਸੇ ਨਿਰਪੱਖ ਸਥਾਨ 'ਤੇ ਕਰਦਾ ਹੈ ਤਾਂ ਪੀਸੀਬੀ ਭਾਰਤ 'ਚ ਹੋਣ ਵਾਲੇ 2023 ਵਨਡੇ ਵਿਸ਼ਵ ਕੱਪ ਨੂੰ ਵੀ ਨਿਰਪੱਖ ਸਥਾਨ 'ਤੇ ਆਯੋਜਿਤ ਕਰਨ ਦੀ ਮੰਗ ਕਰੇਗਾ। ਭਾਰਤੀ ਟੀਮ ਇਸ ਸਮੇਂ ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ 'ਚ ਹੈ। ਉਥੇ ਉਸਨੇ ਆਪਣਾ ਪਹਿਲਾ ਮੈਚ 23 ਅਕਤੂਬਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡਣਾ ਹੈ। ਭਾਰਤੀ ਟੀਮ ਐਤਵਾਰ ਨੂੰ ਹੋਣ ਵਾਲੇ ਮੈਚ 'ਚ ਪਾਕਿਸਤਾਨ ਤੋਂ ਬਦਲਾ ਲੈਣ ਦੀ ਤਿਆਰੀ 'ਚ ਹੈ। ਪਿਛਲੀ ਵਾਰ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਟੀਮ ਇੰਡੀਆ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਪਾਕਿਸਤਾਨ ਤੋਂ ਹਾਰੀ ਹੈ। ਟੀਮ ਉਸ ਹਾਰ ਦਾ ਬਦਲਾ ਲੈਣ ਲਈ ਮੈਲਬੋਰਨ 'ਚ ਉਤਰੇਗੀ। ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਦੋ ਹਿੰਦੂ ਕੁੜੀਆਂ ਨੂੰ ਕੀਤਾ ਅਗਵਾ ਭਾਰਤੀ ਕ੍ਰਿਕਟ ਟੀਮ ਨੇ ਆਖਰੀ ਵਾਰ ਸਾਲ 2008 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। 2008 ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੇ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜਦੇ ਗਏ ਅਤੇ ਭਾਰਤ ਨੇ ਕਦੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ। ਪਾਕਿਸਤਾਨ ਨੇ ਆਖਰੀ ਵਾਰ 2013 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਿਆਸੀ ਰਿਸ਼ਤੇ ਹੋਰ ਵਿਗੜ ਗਏ ਅਤੇ ਇਹ ਦੋਹਾਂ ਦੇਸ਼ਾਂ ਵਿਚਾਲੇ ਆਖਰੀ ਸੀਰੀਜ਼ ਸਾਬਤ ਹੋਈ। -PTC News