ਗੁਰੂ ਕਾ ਬਾਗ ਮੋਰਚਾ ਤੇ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ 30 ਚਿੱਤਰਕਾਰਾਂ ਨੇ ਬਣਾਏ ਇਤਿਹਾਸਕ ਚਿੱਤਰ
ਅੰਮ੍ਰਿਤਸਰ: ਗੁਰੂ ਕੇ ਬਾਗ ਦਾ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਲਗਾਈ ਗਈ ਚਿੱਤਰਕਲਾ ਕਾਰਜਸ਼ਾਲਾ ਵਿਚ ਤਿਆਰ ਕੀਤੇ ਗਏ ਚਿੱਤਰਾਂ ਦੀ ਇਕ ਰੰਗਦਾਰ ਕਿਤਾਬ (ਐਲਬਮ) ਤਿਆਰ ਕਰੇਗੀ, ਤਾਂ ਜੋ ਭਵਿੱਖ ਵਿਚ ਮੋਰਚਿਆਂ ਤੇ ਸਾਕਿਆਂ ਦੇ ਸਿੱਖ ਇਤਿਹਾਸ ਨੂੰ ਪ੍ਰਸਤੁਤ ਕਰਦੇ ਇਹ ਚਿੱਤਰ ਸੰਗਤਾਂ ਤੱਕ ਪੁੱਜਦੇ ਰਹਿਣ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਚਿੱਤਰਕਲਾ ਕਾਰਜਸ਼ਾਲਾ ਦੌਰਾਨ ਤਸਵੀਰਾਂ ਬਣਾਉਣ ਵਾਲੇ ਚਿੱਤਰਕਾਰਾਂ ਨੂੰ ਸਨਮਾਨਿਤ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਿੱਖ ਕਲਾ ਨੂੰ ਉਭਾਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਹੋਰ ਪੁਖਤਾ ਯਤਨ ਕੀਤੇ ਜਾਣਗੇ ਅਤੇ ਸਮੇਂ-ਸਮੇਂ ’ਤੇ ਇਨ੍ਹਾਂ ਚਿੱਤਰਕਾਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਚਿੱਤਰਾਂ ’ਤੇ ਅਧਾਰਿਤ ਇਤਿਹਾਸਕ ਡਾਕੂਮੈਂਟਰੀ ਵੀ ਬਣਾਈ ਜਾਵੇਗੀ। ਐਡਵੋਕੇਟ ਧਾਮੀ ਨੇ ਆਖਿਆ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਜਿਸ ਤੋਂ ਵਰਤਮਾਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਮੌਜੂਦਾ ਸਮੇਂ ਦੇ ਹਾਣ ਦੀਆਂ ਤਕਨੀਕਾਂ ਬੇਹੱਦ ਜ਼ਰੂਰੀ ਹਨ।
ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੂੰ ਦੇਖ ਕੇ ਇਹ ਕੁੜੀ ਫੁੱਟ-ਫੁੱਟ ਕੇ ਰੋਈ, ਅਦਾਕਾਰਾ ਦੇ ਪ੍ਰਤੀਕਰਮ ਨੇ ਜਿੱਤ ਲਿਆ ਦਿਲ
ਸ਼੍ਰੋਮਣੀ ਕਮੇਟੀ ਯਤਨ ਕਰੇਗੀ ਕਿ ਮੌਜੂਦਾ ਤਕਨੀਕੀ ਯੁੱਗ ਅਨੁਸਾਰ ਇਤਿਹਾਸ ਦੇ ਪੰਨਿਆਂ ਨੂੰ ਸੰਗਤ ਤੱਕ ਲੈ ਕੇ ਜਾਵੇ। ਇਸ ਮੌਕੇ ਉਨ੍ਹਾਂ ਚਿੱਤਰਕਲਾ ਕਾਰਜਸ਼ਾਲਾ ਵਿਚ ਭਾਗ ਲੈਣ ਵਾਲੇ 30 ਚਿੱਤਰਕਾਰਾਂ ਨੂੰ ਸਿਰੋਪਾਓ, 16-16 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ, ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਉਤਸ਼ਾਹਤ ਕੀਤਾ।
-PTC News