ਐਡਵੋਕੇਟ ਸਿੱਪੀ ਸਿੱਧੂ ਕਤਲ ਮਾਮਲੇ 'ਚ ਹਾਈ ਕੋਰਟ ਦੀ ਜਸਟਿਸ ਦੀ ਧੀ ਗ੍ਰਿਫ਼ਤਾਰ
ਚੰਡੀਗੜ੍ਹ : ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਚੰਡੀਗੜ੍ਹ ਦੇ ਸੈਕਟਰ-27 ਦੇ ਪਾਰਕ ਵਿੱਚ ਗੋਲ਼ੀ ਮਾਰ ਕੇ ਹੱਤਿਆ ਤੋਂ ਸੱਤ ਸਾਲ ਬਾਅਦ ਸੀਬੀਆਈ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਸੀਬੀਆਈ ਨੇ ਇਕ ਸੂਬੇ ਦੇ ਹਾਈ ਕੋਰਟ ਦੀ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿੱਪੀ ਦੀ 20 ਸਤੰਬਰ 2015 ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਵਿੱਚ .12 ਬੋਰ ਦੀ ਬੰਦੂਕ ਦੀ ਵਰਤੋਂ ਕੀਤੀ ਗਈ ਸੀ ਅਤੇ ਉਸ ਵਿੱਚੋਂ ਚਾਰ ਗੋਲ਼ੀਆਂ ਚਲਾਈਆਂ ਗਈਆਂ ਸਨ। ਯੂਟੀ ਪੁਲਿਸ ਨੇ ਸੈਕਟਰ 26 ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਸੀ। ਜਨਵਰੀ 2016 ਵਿੱਚ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਾਂਚ ਏਜੰਸੀ ਨੇ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਕਲਿਆਣੀ ਸਿੰਘ ਨੂੰ ਬੁੱਧਵਾਰ ਨੂੰ ਸੀਬੀਆਈ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਸੁਖਦੇਵ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸ ਨੂੰ ਚਾਰ ਦਿਨ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ। ਜਾਣਕਾਰੀ ਅਨੁਸਾਰ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਕਲਿਆਣੀ ਸਿੰਘ ਦਾ ਮ੍ਰਿਤਕ ਸਿੱਪੀ ਸਿੱਧੂ ਨਾਲ ਨਜ਼ਦੀਕੀ ਸਬੰਧ ਸੀ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਮ੍ਰਿਤਕ ਸਿੱਪੀ ਸਿੱਧੂ ਦੇ ਮਾਤਾ-ਪਿਤਾ ਨੇ ਉਸ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਦੂਜੇ ਪਾਸੇ ਸਿੱਪੀ ਸਿੱਧੂ ਨੇ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਲੀਕ ਕਰ ਦਿੱਤੀਆਂ ਸਨ। ਸਿੱਪੀ ਸਿੱਧੂ ਦੀ ਇਸ ਹਰਕਤ ਨਾਲ ਕਲਿਆਣੀ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਲਿਆਣੀ ਸਿੰਘ ਨੇ 18.09.2015 ਨੂੰ ਮ੍ਰਿਤਕ ਸਿੱਪੀ ਸਿੱਧੂ ਨਾਲ ਹੋਰ ਵਿਅਕਤੀਆਂ ਦੇ ਮੋਬਾਈਲ ਫੋਨਾਂ ਰਾਹੀਂ ਸੰਪਰਕ ਕੀਤਾ ਅਤੇ ਉਸਨੂੰ ਸੈਕਟਰ-27 ਚੰਡੀਗੜ੍ਹ ਦੇ ਪਾਰਕ ਵਿੱਚ ਮਿਲਣ ਲਈ ਬੁਲਾਇਆ। ਇਸ ਤੋਂ ਬਾਅਦ ਸਿੱਪੀ ਸਿੱਧੂ 18 ਤੋਂ 20 ਸਤੰਬਰ 2015 ਤੱਕ ਉਸ ਨੂੰ ਮਿਲਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਕ ਸਿੱਪੀ ਸਿੱਧੂ 20.09.2015 ਦੀ ਸ਼ਾਮ ਨੂੰ ਸੈਕਟਰ-17 ਸਥਿਤ ਪਾਰਕ ਵਿੱਚ ਕਲਿਆਣੀ ਸਿੰਘ ਨੂੰ ਮਿਲਣ ਲਈ ਆਪਣੀ ਰਿਹਾਇਸ਼ ਤੋਂ ਨਿਕਲਿਆ ਸੀ। ਸ਼ਾਮ ਨੂੰ ਸੈਕਟਰ-27 ਦੇ ਪਾਰਕ ਵਿੱਚ ਮ੍ਰਿਤਕ ਸਿੱਪੀ ਸਿੱਧੂ ਨਾਲ ਮੁਲਜ਼ਮ ਕਲਿਆਣੀ ਸਿੰਘ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਸਬੂਤ ਮਿਲੇ ਹਨ। ਜਾਂਚ ਵਿੱਚ ਅੱਗੇ ਪਤਾ ਲੱਗਾ ਹੈ ਕਿ ਇੱਕ ਅਣਪਛਾਤੇ ਹਮਲਾਵਰ ਤੇ ਮੁਲਜ਼ਮ ਕਲਿਆਣੀ ਸਿੰਘ ਨੇ ਮ੍ਰਿਤਕ ਸਿੱਪੀ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਨੂੰ ਮੌਕੇ ਤੋਂ ਭੱਜਦੇ ਦੇਖਿਆ ਗਿਆ। ਆਪਣੀ ਪਿਛਲੀ ਪੁੱਛਗਿੱਛ ਦੌਰਾਨ ਉਹ ਸਬੰਧਤ ਸਵਾਲਾਂ ਦੇ ਜਵਾਬ ਦੇਣ ਵਿੱਚ ਟਾਲ-ਮਟੋਲ ਕਰ ਰਹੀ ਸੀ ਤੇ ਸੁਖਮਨਪ੍ਰੀਤ ਸਿੰਘ ਦੇ ਕਤਲ ਨਾਲ ਸਬੰਧਤ ਸਵਾਲਾਂ ਬਾਰੇ ਪੋਲੀਗ੍ਰਾਫ਼ ਟੈਸਟ ਵਿੱਚ ਵੀ ਗੜਬੜੀ ਪਾਈ ਗਈ ਸੀ। ਇਸ ਤੋਂ ਬਾਅਦ ਸੀਬੀਆਈ ਵੱਲੋਂ ਡੂੰਘਿਆਈ ਨਾਲ ਕੀਤੀ ਗਈ ਜਾਂਚ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਕਲਿਆਣੀ ਸਿੰਘ ਨੇ ਅਣਪਛਾਤੇ ਹਮਲਾਵਰਾਂ ਨਾਲ ਸਾਜ਼ਿਸ਼ ਰਚ ਕੇ 20 ਸਤੰਬਰ 2015 ਦੀ ਸ਼ਾਮ ਨੂੰ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦਾ ਕਤਲ ਕਰ ਦਿੱਤਾ ਸੀ। ਜਾਂਚ ਮਗਰੋਂ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਰੋਸ ਧਰਨਾ