ਝਾਰਖੰਡ 'ਚ ਹਾਈ ਅਲਰਟ: ਕਈ ਜ਼ਿਲ੍ਹਿਆਂ 'ਚ ਸਰਚ ਆਪਰੇਸ਼ਨ ਜਾਰੀ, ਆਵਾਜਾਈ ਪ੍ਰਭਾਵਿਤ
ਰਾਂਚੀ: ਨਕਸਲਵਾਦੀ ਕਿਸ਼ਨ ਉਰਫ ਪ੍ਰਸ਼ਾਂਤ ਬੋਸ ਦੀ ਗ੍ਰਿਫਤਾਰੀ ਦੇ ਵਿਰੋਧ ਨੂੰ ਲੈ ਕੇ ਨਕਸਲੀਆਂ ਵੱਲੋਂ ਵੀਰਵਾਰ ਨੂੰ ਝਾਰਖੰਡ-ਬਿਹਾਰ ਬੰਦ ਦੇ ਕੀਤੇ ਐਲਾਨ ਦਾ ਅਸਰ ਝਾਰਖੰਡ ਦੇ ਕਈ ਜ਼ਿਲ੍ਹਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ ’ਤੇ ਆਵਾਜਾਈ 'ਤੇ ਵੀ ਬਹੁਤ ਅਸਰ ਪਿਆ ਹੈ। ਨਕਸਲ ਪ੍ਰਭਾਵਿਤ ਇਲਾਕਿਆਂ ਦੇ ਬਾਜ਼ਾਰਾਂ ਵਿੱਚ ਸੰਨਾਟਾ ਛਾਇਆ ਹੋਇਆ ਹੈ। ਇਸ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ 'ਚ ਸੁਰੱਖਿਆ ਹਾਈ ਅਲਰਟ 'ਤੇ ਹੈ। ਰਾਂਚੀ ਪੁਲਿਸ ਹੈੱਡਕੁਆਰਟਰ ਦੀ ਤਰਫ਼ੋਂ ਸਾਰੇ ਜ਼ਿਲ੍ਹਿਆਂ ਵਿਚ ਚੌਕਸੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਮ ਲੋਕਾਂ ਦੀ ਸੁਰੱਖਿਆ, ਸਰਕਾਰੀ ਜਾਇਦਾਦਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪੁਲਿਸ ਅਤੇ ਸੀ.ਆਰ.ਪੀ.ਐਫ. ਦੀਆਂ ਟੀਮਾਂ ਝਾਰਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਕਸਲ ਪ੍ਰਭਾਵਿਤ ਇਲਾਕਿਆਂ ਵਿੱਚ ਤਲਾਸ਼ੀ ਕਰ ਰਹੀਆਂ ਹਨ। ਟੀਮਾਂ ਨੂੰ ਵਿਸ਼ੇਸ਼ ਤੌਰ 'ਤੇ ਚੌਕਸ ਰਹਿਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ। ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਕਸਲੀ ਵੱਖ-ਵੱਖ ਥਾਵਾਂ 'ਤੇ ਵਿਸਫੋਟਕ ਲਗਾ ਸਕਦੇ ਹਨ। ਇਸ ਲਈ ਤਲਾਸ਼ੀ ਕਰਨ ਦੌਰਾਨ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਤੋਂ ਬਾਅਦ ਹੀ ਅਗੇਰੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੱਛਮੀ ਸਿੰਘਭੂਮ, ਸਰਾਇਕੇਲਾ-ਖਰਸਾਵਨ, ਲੋਹਰਦਗਾ, ਲਾਤੇਹਾਰ ਜ਼ਿਲ੍ਹਿਆਂ ਵਿੱਚ ਤਲਾਸ਼ੀ ਕਰੀ ਜਾ ਰਹੀ ਹੈ। ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਬਲਾਂ ਦੀ ਹਰਕਤ ਨੂੰ ਪੂਰੀ ਤਰ੍ਹਾਂ ਗੁਪਤ ਰੱਖਣ ਲਈ ਕਿਹਾ ਗਿਆ ਹੈ।
ਪਲਾਮੂ ਵਿੱਚ ਬੱਸਾਂ ਨਹੀਂ ਚੱਲ ਰਹੀਆਂ ਹਨ। ਬੱਸ ਸਟੈਂਡ ’ਤੇ ਸੰਨਾਟਾ ਛਾ ਗਿਆ। ਮੇਦੀਨੀਨਗਰ ਤੋਂ ਰਾਂਚੀ, ਪੰਕੀ, ਹਜ਼ਾਰੀਬਾਗ, ਮਹੂਆਦੰਦ ਖੇਤਰਾਂ ਨੂੰ ਜਾਣ ਵਾਲੀਆਂ ਬੱਸਾਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਹੈ। ਪੱਛਮੀ ਸਿੰਘਭੂਮ ਦੇ ਸੋਨੂਆ, ਗੋਇਲਕੇਰਾ ਖੇਤਰਾਂ ਵਿੱਚ ਬੰਦ ਦਾ ਵਿਆਪਕ ਪ੍ਰਭਾਵ ਦੇਖਣ ਨੂੰ ਮਿਲਿਆ।
ਗੁਮਲਾ ਦੇ ਕੁਝ ਇਲਾਕਿਆਂ 'ਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਨਕਸਲੀਆਂ ਵੱਲੋਂ 21 ਜਨਵਰੀ ਤੋਂ 26 ਜਨਵਰੀ ਤੱਕ ਐਲਾਨੇ ਗਏ ਰੋਸ ਹਫ਼ਤੇ ਅਤੇ 27 ਜਨਵਰੀ ਨੂੰ ਐਲਾਨੇ ਗਏ ਬੰਦ ਦੇ ਮੱਦੇਨਜ਼ਰ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸਾਰੇ ਜ਼ਿਲ੍ਹਿਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
-PTC News