ਨਸ਼ਿਆਂ 'ਚ ਫਸ ਚੁੱਕੇ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਪਟਿਆਲਾ ਪ੍ਰਸ਼ਾਸਨ ਨੇ ਜਾਰੀ ਹੈਲਪਲਾਈਨ ਨੰਬਰ
ਪਟਿਆਲਾ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਐਲਾਨ 'ਤੇ ਫੁੱਲ ਚੜ੍ਹਾਉਂਦਿਆਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਕੇ ਅੱਜ 'ਸਹਿਯੋਗੀ' ਨਾਮ ਦੀ ਇੱਕ ਹੈਲਪਲਾਈਨ ਸ਼ੁਰੂ ਕੀਤੀ ਹੈ, ਜੋਕਿ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਵਿਅਕਤੀਆਂ ਦੀ ਮਾਨਸਿਕ ਸਿਹਤਯਾਬੀ ਅਤੇ ਨਸ਼ਾ ਮੁਕਤੀ ਲਈ ਸਹਾਇਤਾ ਪ੍ਰਦਾਨ ਕਰੇਗੀ। ਪਟਿਆਲਾ ਦੇ ਸਾਕੇਤ ਹਸਪਤਾਲ ਵਿਖੇ 24 ਘੰਟੇ ਕਾਰਜਸ਼ੀਲ ਰਹਿਣ ਵਾਲੀ ਇਸ 'ਸਹਿਯੋਗੀ ਹੈਲਪਲਾਈਨ 0175-2213385' ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਦੀਪਕ ਪਾਰੀਕ ਨੇ ਅੱਜ ਇੱਥੇ ਜਾਰੀ ਕੀਤਾ। ਡੀ.ਸੀ. ਨੇ ਇਸ ਮੌਕੇ ਕਿਹਾ ਕਿ ਸਹਿਯੋਗੀ ਹੈਲਪਲਾਈਨ ਨਸ਼ਾ ਛੱਡਣ ਵਾਲਿਆਂ ਅਤੇ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਕਰਨ ਦੇ ਚਾਹਵਾਨਾਂ ਲਈ ਇੱਕ ਵਰਦਾਨ ਸਾਬਤ ਹੋਵੇਗੀ, ਕਿਉਂਕਿ ਅਜਿਹੇ ਵਿਅਕਤੀਆਂ ਦੀ ਪਛਾਣ ਗੁਪਤ ਰੱਖਕੇ ਉਨ੍ਹਾਂ ਇਲਾਜ ਕੀਤਾ ਜਾਵੇਗਾ। ਇਹ ਵੀ ਪੜ੍ਹੋ: Ammy Virk ਦੇ ਜਨਮਦਿਨ 'ਤੇ ਵਿਸ਼ੇਸ਼: ਇਸ ਗੀਤ ਨੂੰ ਮਿਲੇ 1.4 ਅਰਬ ਵਿਊਜ਼ ਐਸ.ਐਸ.ਪੀ. ਦੀਪਕ ਪਾਰੀਕ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ੇ ਦੀ ਲੱਤ ਲਗਾ ਚੁੱਕੇ ਵਿਅਕਤੀਆਂ ਦੀ ਨਸ਼ਾ ਮੁਕਤੀ ਲਈ ਦੋਸਤਾਨਾ ਢੰਗ ਨਾਲ ਪਰੰਤੂ ਨਸ਼ੇ ਦੇ ਤਸਕਰਾਂ ਲਈ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। (ਗਗਨਦੀਪ ਆਹੂਜਾ ਦੀ ਰਿਪੋਰਟ) -PTC News