ਚੰਡੀਗੜ੍ਹ 'ਚ ਮਹਿਲਾਵਾਂ ਲਈ ਲਾਜ਼ਮੀ ਹੋਇਆ ਹੈਲਮੇਟ, ਸਿਰਫ਼ ਦਸਤਾਰਧਾਰੀ ਸਿੱਖ ਬੀਬੀਆਂ ਨੂੰ ਛੋਟ
ਚੰਡੀਗੜ੍ਹ, 14 ਜੁਲਾਈ: ਟ੍ਰਾਸਿਟੀ ਦੇ ਲੋਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਬਿਨਾਂ ਹੈਲਮੇਟ ਤੋਂ ਦੋ ਪਹੀਆ ਵਾਹਨ ਚਲਾਉਣ ਅਤੇ ਪਿੱਛੇ ਬੈਠੀਆਂ ਮਹਿਲਾਵਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸ ਦੇ ਨਾਲ ਹੀ ਚਲਾਨ ਕੱਟ ਕੇ ਆਨਲਾਈਨ ਅਤੇ ਡਾਕ ਰਾਹੀਂ ਘਰ-ਘਰ ਪਹੁੰਚਾਏ ਜਾ ਰਹੇ ਹਨ। ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਚੰਡੀਗੜ੍ਹ ਦੀ ਐਸਐਸਪੀ (ਟ੍ਰੈਫਿਕ) ਮਨੀਸ਼ਾ ਚੌਧਰੀ ਨੇ ਔਰਤਾਂ ਨੂੰ ਚੰਡੀਗੜ੍ਹ ਦੀਆਂ ਸੜਕਾਂ 'ਤੇ ਵਾਹਨ ਚਲਾਉਂਦੇ ਅਤੇ ਪਿੱਛੇ ਬੈਠਣ ਸਮੇਂ ਹੈਲਮੇਟ ਪਹਿਨਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਬੀਤੀ ਮਾਰਚ ਵਿੱਚ ਔਰਤਾਂ ਲਈ ਹੈਲਮੇਟ ਰੈਲੀ ਕੱਢੀ ਗਈ ਸੀ। ਉਦੋਂ ਤੋਂ ਹੀ ਬਿਨਾਂ ਹੈਲਮੇਟ ਔਰਤਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਹ ਵੀ ਦੱਸ ਦੇਈਏ ਕਿ ਇਨ੍ਹਾਂ ਚਲਾਨਾਂ ਤੋਂ ਸਿਰਫ਼ ਦਸਤਾਰਧਾਰੀ ਸਿੱਖ ਔਰਤਾਂ ਨੂੰ ਹੀ ਛੋਟ ਹੈ। ਇਹ ਕਦਮ ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਸੜਕ ਹਾਦਸਿਆਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਚੰਡੀਗੜ੍ਹ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਦੋ ਪਹੀਆ ਵਾਹਨਾਂ 'ਤੇ ਘੱਟੋ-ਘੱਟ 7,000 ਮਹਿਲਾ ਸਵਾਰਾਂ/ਪਿਲੀਅਨ ਸਵਾਰੀਆਂ ਬਿਨਾਂ ਹੈਲਮੇਟ ਡਰਾਈਵਿੰਗ ਕਰਦੀਆਂ ਫੜੀਆਂ ਗਈਆਂ। ਇਹ ਮਹਿਲਾਵਾਂ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਲਈ ਦਿੱਤੇ ਹੱਥੀਂ ਕੈਮਰਿਆਂ 'ਚ ਕੈਦ ਹੋ ਗਈਆਂ। ਜਿਸਤੋਂ ਬਾਅਦ ਯੂਟੀ ਟ੍ਰੈਫਿਕ ਪੁਲਿਸ ਨੇ ਵਾਹਨ ਮਾਲਕਾਂ ਦੇ ਰਜਿਸਟਰਡ ਪਤਿਆਂ 'ਤੇ ਡਾਕ ਚਲਾਨ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਡੀਅਨ ਐਕਸਪ੍ਰੈਸ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਦੇ ਸਵਾਰੀ ਕਰਨ 'ਤੇ 1,000 ਰੁਪਏ ਦਾ ਜੁਰਮਾਨਾ ਅਤੇ ਰਾਈਡਿੰਗ ਲਾਇਸੈਂਸ ਨੂੰ 90 ਦਿਨਾਂ ਲਈ ਮੁਅੱਤਲ ਕਰਨ ਦਾ ਜ਼ੁਰਮਾਨਾ ਹੈ। ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਸਕੂਲੀ ਬੱਸ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਬੱਚੇ ਜ਼ਖ਼ਮੀ ਪੰਜਾਬ ਕੇਸਰੀ ਦੀ ਰਿਪੋਰਟ ਮੁਤਾਬਕ ਚੰਡੀਗੜ੍ਹ ਦੀ ਐੱਸ.ਐੱਸ.ਪੀ ਨੇ ਕਿਹਾ ਕਿ ਕਰੋਨਾ ਦੇ ਦੌਰ ਤੋਂ ਬਿਨਾਂ ਹੈਲਮੇਟ ਵਾਲਿਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਪਰ ਹੁਣ ਟੀਮ ਦੁਬਾਰਾ ਐਕਸ਼ਨ ਵਿੱਚ ਹੈ ਅਤੇ ਹੈਂਡੀਕੈਮ ਵੀਡੀਓ ਬਣਾ ਰਹੀ ਹੈ। ਇਸ ਤਰ੍ਹਾਂ ਬਿਨਾਂ ਹੈਲਮੇਟ ਵਾਲਿਆਂ ਦੇ ਚਲਾਨ ਡਾਕ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਜਾ ਰਹੇ ਹਨ। -PTC News