ਮਾਨਸੂਨ ਨੇ ਕੀਤਾ ਜਨ-ਜੀਵਨ ਬੇਹਾਲ, ਪਾਣੀ ਪਾਣੀ ਹੋਇਆ ਸ਼ਹਿਰ
ਮਾਨਸੂਨ ਨੇ ਭਾਰਤ 'ਚ ਦਸਤਕ ਦੇ ਦਿੱਤੀ ਹੈ ਇਸ ਦੇ ਨਾਲ ਹੀ ਹੁਣ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿਚ ਲਗਾਤਾਰ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਰਾਜਧਾਨੀ ਕੋਲਕਾਤਾ ਦੇ ਕਈ ਹੇਠਲੇ ਇਲਾਕਿਆਂ ਅਤੇ ਸੜਕਾਂ 'ਤੇ ਪਾਣੀ ਭਰ ਗਿਆ। ਮੌਸਮ ਮਹਿਕਮੇ ਨੇ ਦੱਖਣੀ-ਪੱਛਮੀ ਮਾਨਸੂਨ ਅਤੇ ਇਕ ਚੱਕਰਵਾਤੀ ਦੇ ਪ੍ਰਭਾਵ ਕਾਰਨ ਅਗਲੇ ਤਿੰਨ ਦਿਨਾਂ ਵਿਚ ਹੋਰ ਵੱਧ ਮੀਂਹ ਪੈਣ ਦਾ ਅਨੁਮਾਨ ਜਤਾਇਆ ਹੈ। ਮੌਸਮ ਮਹਿਕਮੇ ਮੁਤਾਬਕ ਕੋਲਕਾਤਾ ਵਿਚ ਸਵੇਰੇ ਸਾਢੇ 8 ਵਜੇ 24 ਘੰਟਿਆਂ ਵਿਚ 144 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।ਮਹਾਨਗਰ ਦੇ ਦੱਖਣੀ ਹਿੱਸਿਆਂ ਵਿਚ ਉੱਤਰੀ ਹਿੱਸੇ ਦੀ ਤੁਲਨਾ ਵਿਚ ਵੱਧ ਮੀਂਹ ਪਿਆ, ਜਿਸ ਨਾਲ ਬਾਲੀਗੰਜ, ਸਰਕੁਲਰ ਰੋਡ, ਲਾਊਡਨ ਸਟਰੀਟ, ਸਦਰਨ ਐਵੇਨਿਊ ਦੀਆਂ ਸੜਕਾਂ ਅਤੇ ਗਲੀਆਂ ਪਾਣੀ ਨਾਲ ਭਰ ਗਈਆਂ। ਓਧਰ ਸੂਬਾ ਸਰਕਾਰ ਨੇ ਮਹਾਨਗਰ ਅਤੇ ਹੋਰ ਥਾਵਾਂ 'ਚ ਕੋਵਿਡ-19 ਪਾਬੰਦੀਆਂ ਵਿਚ ਢਿੱਲ ਦਿੱਤੀ ਹੈ| ਅਜਿਹੇ ਵਿਚ ਲੋਕਾਂ ਨੂੰ ਆਪਣੇ ਕੰਮਾਂ 'ਤੇ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਗੋਡਿਆਂ ਤੱਕ ਭਰੇ ਪਾਣੀ 'ਚੋਂ ਲੰਘਣਾ ਪਿਆ। ਕੁਝ ਖੇਤਰਾਂ ਵਿਚ ਆਵਾਜਾਈ ਰੁੱਕ ਗਈ, ਕਿਉਂਕਿ ਵਾਹਨ ਪਾਣੀ ਭਰਨ ਕਾਰਨ ਹੌਲੀ-ਹੌਲੀ ਚੱਲ ਰਹੇ ਸਨ। ਉੱਤਰੀ ਬੰਗਾਲ ਦੇ ਕੁਝ ਹਿੱਸਿਆਂ ਵਿਚ ਵੀ ਮੋਹਲੇਧਾਰ ਮੀਂਹ ਦਰਜ ਕੀਤਾ ਗਿਆ।