ਰੂਹ ਕੰਬਾਊ ਹਾਦਸਾ ; ਗਰਭਵਤੀ ਔਰਤ ਨੂੰ ਡੰਪਰ ਨੇ ਕੁਚਲਿਆ, ਨਵਜੰਮੀ ਬੱਚੀ ਸੁਰੱਖਿਅਤ
ਫਿਰੋਜ਼ਾਬਾਦ : ਯੂਪੀ ਦੇ ਫ਼ਿਰੋਜ਼ਾਬਾਦ ਵਿੱਚ ਇੱਕ ਸੁੰਨ ਕਰ ਦੇਣ ਵਾਲਾ ਹਾਦਸਾ ਵਾਪਰ ਗਿਆ। ਇਕ ਟਰੱਕ ਨੇ ਗਰਭਵਤੀ ਔਰਤ ਨੂੰ ਕੁਚਲ ਦਿੱਤਾ। ਜਿਸ ਨੇ ਵੀ ਇਹ ਹਾਦਸਾ ਦੇਖਿਆ ਉਸ ਦੀ ਰੂਹ ਬੁਰੀ ਤਰ੍ਹਾਂ ਝੰਜੋੜੀ ਗਈ। ਇਸ ਹਾਦਸੇ ਵਿੱਚ ਗਰਭਵਤੀ ਔਰਤ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂ ਲੋਕਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਬੱਚੀ ਸੁਰੱਖਿਅਤ ਸੀ। ਦੁਨੀਆ 'ਚ ਕਦਮ ਰੱਖਣ ਤੋਂ ਬਾਅਦ ਜਦੋਂ ਬੱਚੀ ਰੋ ਰਹੀ ਸੀ ਤਾਂ ਉਸ ਨੂੰ ਚੁੱਪ ਕਰਵਾਉਣ ਵਾਲਾ ਕੋਈ ਨਹੀਂ ਸੀ ਕਿਉਂਕਿ ਉਸ ਦੀ ਮਾਂ ਇਸ ਦੁਨੀਆ ਉਤੋਂ ਰੁਖਸਤ ਹੋ ਚੁੱਕੀ ਸੀ। ਲੋਕ ਵੀ ਇਸ ਰੂਹ ਕੰਬਾਊ ਹਾਦਸੇ ਨੂੰ ਦੇਖ ਕੇ ਸੁੰਨ ਹੋ ਗਏ ਸਨ। ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਡੇਢ ਸਾਲ ਪਹਿਲਾਂ ਆਗਰਾ ਦੇ ਮਾਲਪੁਰਾ ਥਾਣਾ ਖੇਤਰ ਦੇ ਚਮੋਲੀ 'ਚ ਵਿਆਹੀ 20 ਸਾਲਾ ਕਾਮਿਨੀ ਗਰਭਵਤੀ ਸੀ। ਉਹ ਆਪਣੇ ਪਤੀ ਰਾਜੂ ਦੇ ਨਾਲ ਮੋਟਰਸਾਈਕਲ ਉਤੇ ਬਿਮਾਰ ਚਾਚੇ ਨੂੰ ਦੇਖਣ ਲਈ ਆਪਣੇ ਨਾਨਕੇ ਘਰ ਆ ਰਹੀ ਸੀ। ਰਾਜੂ ਅੱਗੇ ਚੱਲ ਰਹੇ ਡੰਪਰ ਨੂੰ ਓਵਰਟੇਕ ਕਰ ਰਿਹਾ ਸੀ ਕਿ ਪਿੱਛੇ ਤੋਂ ਦੂਜੇ ਮੋਟਰਸਾਈਕਲ ਉਤੇ ਆ ਰਹੇ ਇਕ ਨੌਜਵਾਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਰਾਜੂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਕਾਮਿਨੀ ਡਿੱਗ ਪਈ ਤੇ ਡੰਪਰ ਦੇ ਪਹੀਏ ਹੇਠਾਂ ਗਈ ਜਦਕਿ ਰਾਜੂ ਦੂਜੇ ਪਾਸੇ ਡਿੱਗ ਪਿਆ। ਦੂਜੇ ਪਾਸੇ ਔਰਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਚਾਚੇ ਦੀ ਮੌਤ ਹੋ ਗਈ। ਮਹਿਲਾ ਤੇ ਉਸ ਦੇ ਚਾਚੇ ਦਾ ਸਸਕਾਰ ਕਰ ਦਿੱਤਾ ਗਿਆ। ਫਿਰੋਜ਼ਾਬਾਦ ਦੇ ਨਰਖੀ ਦੇ ਕੋਟਲਾ ਦੀ ਰਹਿਣ ਵਾਲੀ 20 ਸਾਲਾ ਕਾਮਿਨੀ ਦਾ ਵਿਆਹ ਡੇਢ ਸਾਲ ਪਹਿਲਾਂ ਆਗਰਾ ਦੇ ਮਾਲਪੁਰਾ ਥਾਣਾ ਖੇਤਰ ਦੇ ਚਮੋਲੀ ਵਾਸੀ ਰਾਜੂ ਨਾਲ ਹੋਇਆ ਸੀ। ਕਾਮਿਨੀ ਦੇ ਗਰਭਵਤੀ ਹੋਣ 'ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਸੀ। ਚਸ਼ਮਦੀਦਾਂ ਮੁਤਾਬਕ ਔਰਤ ਦੇ ਕੁਚਲੇ ਜਾਣ ਦੇ ਨਾਲ ਹੀ ਡਿਲੀਵਰੀ ਹੋਈ ਤੇ ਬੱਚੇ ਦੇ ਰੋਣ ਦੀ ਆਵਾਜ਼ ਆਉਣ ਲੱਗੀ। ਇਹ ਦੇਖ ਕੇ ਲੋਕ ਹੈਰਾਨ ਰਹਿ ਗਏ। ਪੁਲਿਸ ਅਤੇ ਐਂਬੂਲੈਂਸ ਨੂੰ ਤੁਰੰਤ ਸੂਚਨਾ ਦਿੱਤੀ ਗਈ। ਨਵਜੰਮੇ ਬੱਚੇ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਟਰੌਮਾ ਸੈਂਟਰ ਲਿਆਂਦਾ ਗਿਆ ਤੇ ਇਲਾਜ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਕਾਮਿਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇੰਸਪੈਕਟਰ ਫਤਿਹ ਬਹਾਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਡੰਪਰ ਛੱਡ ਕੇ ਫ਼ਰਾਰ ਹੋ ਗਿਆ। ਡੰਪਰ ਨੂੰ ਕਬਜ਼ੇ 'ਚ ਲੈ ਕੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ 'ਚ ਪੁੱਛਗਿੱਛ ਲਈ ਸੋਨੀਆ ਗਾਂਧੀ ਈਡੀ ਦੇ ਦਫ਼ਤਰ ਪੁੱਜੀ