ਠੇਕੇ 'ਤੇ ਕੰਮ ਕਰ ਰਹੇ ਹੈਲਥ ਵਰਕਰਾਂ ਵੱਲੋਂ ਹੜਤਾਲ, ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ : 31 ਅਗਸਤ ਤੋਂ ਆਊਟ ਸੋਰਸ ਹੈਲਥ ਵਰਕਰਾਂ ਦੇ ਖਤਮ ਹੋਏ ਕੰਟਰੈਕਟ ਨੂੰ ਲੈ ਕੇ ਅੱਜ ਮੁਲਾਜ਼ਮਾਂ ਵੱਲੋਂ ਮੈਡੀਕਲ ਸੇਵਾਵਾਂ ਬੰਦ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸਬੰਧੀ ਆਊਟ ਸੋਰਸ ਹੈਲਥ ਵਰਕਰਾਂ ਨੇ ਦੱਸਿਆ ਕਿ ਸਰਕਾਰ ਨਾਲ ਉਨ੍ਹਾਂ ਦਾ ਠੇਕਾ ਜੋ ਕਿ 31 ਅਗਸਤ ਨੂੰ ਖ਼ਤਮ ਹੋ ਗਿਆ ਸੀ ਤੇ ਸਰਕਾਰ ਨਵਾਂ ਕੰਟਰੈਕਟ ਨਹੀਂ ਭੇਜ ਰਹੀ ਹੈ। ਇਸ ਕਾਰਨ ਅੱਜ ਇਕ ਹਫ਼ਤਾ ਇੰਤਜ਼ਾਰ ਕਰਨ ਤੋਂ ਬਾਅਦ ਸਰਕਾਰ ਦੇ ਲਾਰਿਆਂ ਖ਼ਿਲਾਫ਼ ਸਮੂਹ ਆਊਟ ਸੋਰਸ ਹੈਲਥ ਵਰਕਰਾਂ ਵੱਲੋਂ ਮੈਡੀਕਲ ਕਾਲਜ ਵਿਖੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕ ਨੂੰ ਵੀ ਮੰਗ ਪੱਤਰ ਦਿੱਤੇ ਗਏ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 300 ਦੇ ਕਰੀਬ ਵਰਕਰ ਹਨ ਜਿਨ੍ਹਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ। ਸਰਕਾਰ ਵੱਲੋਂ ਝੂਠੇ ਲਾਰੇ ਲਾਏ ਜਾ ਰਹੇ ਹਨ, ਹੁਣ ਅਸੀਂ ਇਨ੍ਹਾਂ ਦੇ ਝੂਠੇ ਲਾਰਿਆਂ ਵਿੱਚ ਨਹੀਂ ਆਵਾਂਗਾ, ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਰਕਰਾਂ ਦਾ ਸ਼ੋਸ਼ਣ ਕਰ ਰਹੀ ਹੈ। ਇਸ ਤੋਂ ਇਲਾਵਾ ਮੰਗਾਂ ਨਾ ਮੰਨੇ ਜਾਣ ਉਤੇ ਉਨ੍ਹਾਂ ਨੇ ਸਿਹਤ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਵੀ ਕੀਤਾ। ਹੈਲਥ ਵਰਕਰਾਂ ਦੇ ਧਰਨੇ ਕਾਰਨ ਸਿਹਤ ਸੇਵਾਵਾਂ ਲੈਣ ਪੁੱਜੇ ਵੱਡੀ ਗਿਣਤੀ ਵਿਚ ਲੋਕ ਪਰੇਸ਼ਾਨ ਹੋਏ ਅਤੇ ਉਹ ਬਿਨਾਂ ਇਲਾਜ ਕਰਵਾਏ ਹੀ ਵਾਪਸ ਪਰਤ ਗਏ। ਇਸ ਮੌਕੇ ਲੋਕਾਂ ਵਿਚ ਭਾਰੀ ਰੋਸ ਹੈ। -PTC News ਇਹ ਵੀ ਪੜ੍ਹੋ : ਸਿੱਖ ਦੀ ਦਸਤਾਰ ਅਤੇ ਕਿਰਪਾਨ ਦੀ ਤੁਲਨਾ ਹਿਜਾਬ ਨਾਲ ਨਹੀਂ ਕੀਤੀ ਜਾ ਸਕਦੀ: ਸੁਪਰੀਮ ਕੋਰਟ