ਸਿਹਤ ਵਿਭਾਗ ਦਾ ਫੁਰਮਾਨ, ਸਹਾਇਕ ਸਿਵਲ ਸਰਜਨ ਤੇ ਹੈਲਥ ਅਫਸਰ ਹੁਣ ਦੇਖਣਗੇ ਮਰੀਜ਼
ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਤੁਗਲਕੀ ਫੁਰਮਾਨ ਸੁਣਾਏ ਹਨ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਸਿਹਤ ਮਹਿਕਮਾ ਨਵੇਂ ਡਾਕਟਰਾਂ ਦੀ ਭਰਤੀ ਕਰਨ ਦੀ ਬਜਾਏ ਸਟਾਫ ਉਤੇ ਵਾਧੂ ਬੋਝ ਪਾ ਕੇ ਸਾਰ ਰਿਹਾ ਹੈ। ਨਵੇਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਹੈਡਕੁਆਰਟਰ ਉਤੇ ਕੰਮ ਕਰ ਰਹੇ ਅਸਿਸਟੈਂਟ ਸਿਵਲ ਸਰਜਨ, ਡਿਸਟ੍ਰਿਕ ਹੈਲਥ ਆਫਿਸਰ, ਡਿਸਟ੍ਰਿਕ ਇਮੀਨਾਈਜ਼ੇਸ਼ਨ ਅਫਸਰ, ਡਿਸਟ੍ਰਿਕ ਫੈਮਿਲੀ ਵੈਲਫੇਅਰ ਅਫਸਰ ਹੁਣ ਅੱਠ ਤੋਂ ਗਿਆਰਾਂ ਵਜੇ ਤੱਕ ਮਰੀਜ਼ਾਂ ਨੂੰ ਵੀ ਵੇਖਣਗੇ। ਦਫਤਰਾਂ ਦੇ ਕੰਮਕਾਰ ਦੇ ਨਾਲ-ਨਾਲ ਹੁਣ ਮਰੀਜ਼ਾਂ ਨੂੰ ਵੀ ਵੇਖਣਗੇ। ਇਸ ਤਰ੍ਹਾਂ ਇਨ੍ਹਾਂ ਡਾਕਟਰਾਂ ਉਤੇ ਕੰਮ ਦਾ ਭਾਰ ਹੋਰ ਵਧੇਗਾ। ਪਹਿਲਾਂ ਇਹ ਅਫਸਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਦਫਤਰ ਜਾਂਦੇ ਸਨ। ਪਰ ਹੁਣ ਨਵੇਂ ਫੁਰਮਾਨਾਂ ਅਨੁਸਾਰ ਸਵੇਰੇ 8 ਤੋਂ 5 ਵਜੇ ਤੱਕ ਕੰਮ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਦੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਹੋਣ ਕਾਰਨ ਮਰੀਜ਼ਾਂ ਦੀ ਭਾਰੀ ਖੱਜਲ-ਖੁਆਰੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਕਈ-ਕਈ ਦਿਨ ਧੱਕੇ ਖਾਣੇ ਪੈਂਦੇ ਹਨ। ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਜਲਦ ਹੀ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਵਿਚਕਾਰ ਸਿਹਤ ਵਿਭਾਗ ਦਾ ਅਜਿਹਾ ਫੁਰਮਾਨ ਅਫਸਰਾਂ ਲਈ ਵੱਡਾ ਝਟਕਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਪਰਿਵਾਰ ਭਲਾਈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਸਾਰੇ ਅਧਿਕਾਰੀਆਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿੱਥੇ-ਕਿੱਥੇ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ। ਇਸ ਦੌਰਾਨ ਮੰਤਰੀ ਨੇ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਸਿਹਤ ਵਿਭਾਗ ਵਿੱਚ ਡਾਕਟਰਾਂ ਅਤੇ ਸਟਾਫ਼ ਦੀ ਘਾਟ ਹੈ। ਪਹਿਲੀ ਨਵੀਂ ਭਰਤੀ ਲਈ ਜੋ ਪ੍ਰਕਿਰਿਆ ਚੱਲ ਰਹੀ ਹੈ, ਉਹ ਬਹੁਤ ਮੁਸ਼ਕਲ ਅਤੇ ਸਮਾਂ ਲੈਣ ਵਾਲੀ ਹੈ। ਭਰਤੀ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇਗਾ ਤਾਂ ਜੋ ਨਵੇਂ ਡਾਕਟਰਾਂ ਅਤੇ ਸਟਾਫ ਦੀ ਤੁਰੰਤ ਭਰਤੀ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਸੀ ਕਿ ਅਪ੍ਰੈਲ ਮਹੀਨੇ 'ਚ ਪਹਿਲੀ ਭਰਤੀ ਸ਼ੁਰੂ ਹੋਵੇਗੀ। ਇਹ ਵੀ ਪੜ੍ਹੋ : ਕੁਆਰਟਰਾਂ 'ਚ ਅੱਗ ਲੱਗਣ ਕਾਰਨ ਨੌਜਵਾਨ ਤੇ ਬੱਚਾ ਜ਼ਿੰਦਾ ਸੜੇ