ਚਿੱਤ ਕਰਾਰਾ ਕਰਨਾ ਹੈ ਤਾਂ ਖਾਓ " ਪੁਦੀਨੇ ਦੀ ਚਟਨੀ" , ਹੋਰ ਵੀ ਜਾਣੋ 'ਪੁਦੀਨੇ' ਦੇ ਲਾਭ
ਚਿੱਤ ਕਰਾਰਾ ਕਰਨਾ ਹੈ ਤਾਂ ਖਾਓ " ਪੁਦੀਨੇ ਦੀ ਚਟਨੀ" , ਹੋਰ ਵੀ ਜਾਣੋ 'ਪੁਦੀਨੇ' ਦੇ ਲਾਭ :-
"ਤੇਰਾ ਬੜਾ ਕਰਾਰਾ ਪੂਤਨਾ" ਗਾਣਿਆਂ ਦਾ ਸ਼ਿੰਗਾਰ ਬਣਿਆ ਪੂਤਨਾ ਭਾਵ ਪੁਦੀਨੇ ਦਾ ਜ਼ਿਕਰ ਇਸ ਦੇ ਲਾਭਦਾਇਕ ਤੱਤਾਂ ਨੂੰ ਖੁਦ-ਮੁਹਾਰੇ ਹੀ ਉਜਾਗਰ ਕਰਦਾ ਹੈ , ਇਸ ਅੰਦਰ ਮੌਜੂਦ ਗੁਣਾਂ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਘੱਟ ਹੈ। "ਪੁਦੀਨਾ" ਸਭ ਤੋਂ ਪੁਰਾਣੀਆਂ ਜੜੀ ਬੂਟੀਆਂ ਵਿਚੋਂ ਇਕ ਹੈ, ਜੋ ਵਿਆਪਕ ਤੌਰ 'ਤੇ ਪਕਵਾਨਾਂ ਵਿਚ ਵਰਤਿਆ ਜਾਂਦਾ ਹੈ । ਪੁਦੀਨੇ ਦੇ ਪੱਤਿਆਂ ਦਾ ਜ਼ਾਇਕਾ ਪਕਵਾਨਾਂ ਨੂੰ ਵੱਖਰਾ ਸੁਆਦ ਅਤੇ ਖੁਸ਼ਬੂ ਦਿੰਦਾ ਹੈ ਅਤੇ ਇਸਦੀ ਵਰਤੋਂ ਚਟਨੀ, ਰਾਇਤਾ ਅਤੇ ਤਾਜ਼ਗੀ ਭਰੇ ਜੂਸ ਪੀਣ ਲਈ ਵੀ ਕੀਤੀ ਜਾਂਦੀ ਹੈ। ਪੁਦੀਨੇ ਦੇ ਪੱਤਿਆਂ ਨੂੰ ਮੂੰਹ ਅੰਦਰਲੀ ਤਾਜ਼ਗੀ ਬਰਕਰਾਰ ਰੱਖਣ ਵੀ ਮਹੱਤਵਪੂਰਣ ਮੰਨਿਆ ਜਾਂਦਾ ਹੈ।
ਪੁਦੀਨੇ ਦੀ ਖੇਤੀ:-
ਬੜੀ ਹੀ ਗੁਣਕਾਰੀ ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ "ਪੁਦੀਨੇ" ਨੂੰ ਤੇਲ, ਟੂਥਪੇਸਟ, ਮਾਊਥ ਵਾਸ਼ ਅਤੇ ਹੋਰ ਕਈ ਵਿਅੰਜਨਾਂ ਵਿੱਚ ਸੁਆਦ ਲਈ ਵਰਤੋਂ 'ਚ ਲਿਆਇਆ ਜਾਂਦਾ ਹੈ। ਸਿਆਣੇ ਦੱਸਦੇ ਰਹੇ ਹਨ ਕਿ ਪੁਰਾਣੇ ਹਕੀਮਾਂ ਵੱਲੋਂ ਪੁਦੀਨੇ ਦੇ ਪੱਤਿਆਂ ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਉਪਰੰਤ ਇਹਨਾਂ ਦਵਾਈਆਂ ਨੂੰ ਨੱਕ, ਜੋੜਾਂ ਦੇ ਦਰਦ, ਗਠੀਆ, ਨਾੜੀਆਂ, ਪੇਟ ਵਿੱਚ ਗੈਸ ਅਤੇ ਸੋਜ ਆਦਿ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ ।
ਇੱਕ ਛੋਟੀ ਜੜ੍ਹੀ-ਬੂਟੀ, ਜਿਸ ਦੀ ਔਸਤਨ ਉੱਚਾਈ 1-2 ਫੁੱਟ ਹੁੰਦੀ ਹੈ ਅਤੇ ਇਸ ਦੇ ਨਾਲ ਜੜ੍ਹਾਂ ਵੀ ਫੈਲੀਆਂ ਹੁੰਦੀਆ ਹਨ, ਆਪਣੇ ਅੰਦਰ ਅਥਾਹ ਗੁਣ ਸਮੋਈ ਬੈਠੀ ਹੈ । ਮੁੱਖ ਤੌਰ 'ਤੇ ਅੰਗੋਲਾ, ਥਾਈਲੈਂਡ, ਚੀਨ, ਅਰਜਨਟੀਨਾ, ਬ੍ਰਾਜ਼ੀਲ, ਜਾਪਾਨ, ਭਾਰਤ ਅਤੇ ਪੈਰਾਗੁਏ ਵਿੱਚ ਪਾਈ ਜਾਣ ਵਾਲੀ ਜੜ੍ਹੀ-ਬੂਟੀ "ਪੁਦੀਨਾ" ਭਾਰਤ ਵਿੱਚ ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਵੀ ਉਗਾਈ ਜਾਂਦੀ ਹੈ । ਘਰੇਲੂ ਪੱਖ ਤੋਂ ਦੇਖੀਏ ਤਾਂ ਘਰ ਦੀਆਂ ਸੁਆਣੀਆਂ ਦੁਆਰਾ ਘਰ ਦੇ ਇਰਦ-ਗਿਰਦ ਕਿਆਰੀਆਂ ਜਾਂ ਗਮਲਿਆਂ 'ਚ ਵੀ ਇਸਨੂੰ ਉਗਾ ਲਿਆ ਜਾਂਦਾ ਹੈ , ਤਾਂ ਜੋ ਲੋੜ ਵੇਲੇ ਪੁਦੀਨੇ ਦੀ ਚਟਨੀ ਨਾਲ ਚਿੱਤ ਕਰਾਰਾ ਕੀਤਾ ਜਾ ਸਕੇ ਅਤੇ ਚਾਹ ਦਾ ਸੁਆਦ ਮਾਨਣ ਲਈ ਇਸਦੇ ਤਾਜ਼ੇ ਪੱਤਿਆਂ ਨੂੰ ਇਸਤੇਮਾਲ ਕੀਤਾ ਜਾ ਸਕੇ।ਆਓ ਜਾਣੀਏ 'ਪੁਦੀਨੇ' ਦੇ ਹੋਰ ਲਾਭ ਕੀ ਹਨ ?
ਹਾਜ਼ਮੇ ਨੂੰ ਠੀਕ ਕਰੇ ਪੁਦੀਨੇ ਦੀ ਚਟਨੀ :-
ਪੁਦੀਨਾ ਹਾਜ਼ਮੇ ਲਈ ਵੀ ਬਹੁਤ ਲਾਭਦਾਇਕ ਸ੍ਰੋਤ ਮੰਨਿਆ ਗਿਆ ਹੈ। ਇਸ ਦੇ ਸੇਵਨ ਨਾਲ ਪਾਚਨ ਕਿਰਿਆ ਤਾਂ ਠੀਕ ਰਹਿੰਦੀ ਹੀ ਹੈ, ਨਾਲ ਹੀ ਪੁਦੀਨੇ ਦੀ ਚਟਨੀ ਬਹੁਤ ਸਵਾਦਿਸ਼ਟ ਹੋਣ ਕਾਰਨ ਰੋਟੀ ਦਾ ਲੁਤਫ਼ ਲਜ਼ੀਜ਼ ਬਣਦਾ ਹੈ। ਪੁਦੀਨਾ ਸ਼ਾਨਦਾਰ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ।
ਜੀਅ ਮਚਲੇ ਤੇ ਪੁਦੀਨੇ ਦੀ ਚਟਣੀ ਕਾਰਗਰ:-
ਕਈ ਵਾਰ ਕੁਝ ਗ਼ਲਤ-ਮਲਤ ਪਦਾਰਥਾਂ ਦੇ ਸੇਵਨ ਉਪਰੰਤ ਜੀਅ ਮਚਲਣ ਲੱਗਦਾ ਹੈ ਅਤੇ ਅਜੀਬ ਜਿਹੀ ਘੇਰ ਮਹਿਸੂਸ ਹੁੰਦੀ ਹੋਵੇ ਤਾਂ ਪੁਦੀਨੇ ਦੀ ਚਟਣੀ ਖਾਓ, ਤੁਰੰਤ ਰਾਹਤ ਮਿਲੇਗੀ। ਬਹੁਤ ਵਾਰ ਸਫ਼ਰ ਦੌਰਾਨ ਪੁਦੀਨੇ ਦੀਆਂ ਗੋਲੀਆਂ ਨੂੰ ਲੋਕ ਆਪਣੇ ਨਾਲ ਰੱਖਦੇ ਹਨ , ਉਸਦਾ ਇਹੀ ਕਾਰਨ ਹੈ ਕਿ ਪੁਦੀਨਾ ਘਬਰਾਹਟ ,ਜੀ ਦੀ ਮਚਲਣ ਨੂੰ ਠੀਕ ਕਰਨ 'ਚ ਸਹਾਈ ਹੁੰਦਾ ਹੈ।
ਮੂੰਹ ਦੀ ਬਦਬੂ ਮਿਟਾਵੇ:-
ਕਈ ਲੋਕ ਮੂੰਹ 'ਚ ਬਦਬੂ ਆਉਣ ਦੀ ਦਿੱਕਤ ਹੰਢਾ ਰਹੇ ਹੋਣ ਤਾਂ ਅਜਿਹੇ 'ਚ ਖੁਸ਼ਬੂਦਾਰ ਪੁਦੀਨੇ ਦਾ ਸੇਵਨ ਉਨ੍ਹਾਂ ਨੂੰ ਲਾਭ ਪਹੁੰਚਾ ਸਕਦਾ ਹੈ। ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਕਿ ਪੁਦੀਨੇ ਦੇ ਰਸ ਨੂੰ ਪਾਣੀ 'ਚ ਮਿਲਾ ਕੇ ਕੁੱਲਾ (ਕਰੂਲੀ) ਕਰਨੀ ਸ਼ੁਰੂ ਕੀਤੀ ਜਾਵੇ, ਮੂੰਹ 'ਚ ਆਉਣ ਵਾਲੀ ਬਦਬੂ ਦੂਰ ਕਰਨ 'ਚ ਆਸਾਨੀ ਮਿਲੇਗੀ , ਇਸ ਦੇ ਨਾਲ ਹੀ ਮੂੰਹ 'ਚ ਠੰਢਕ ਦਾ ਵੀ ਅਹਿਸਾਸ ਵੀ ਮਹਿਸੂਸ ਹੋਵੇਗਾ । ਪੁਦੀਨੇ ਦੇ ਰੋਜ਼ 2-4 ਪੱਤੇ ਉਂਝ ਹੀ ਚਬਾ ਲੈਣਾ ਵੀ ਚੰਗਾ ਹੁੰਦਾ ਹੈ।
ਜ਼ੁਕਾਮ ਦਾ ਇਲਾਜ :-
ਜਲਦੀ ਠੰਡ ਦੀ ਗ੍ਰਿਫ਼ਤ 'ਚ ਆ ਜਾਂਦੇ ਹੋ, ਨਜ਼ਲੇ ਦੀ ਦਿੱਕਤ ਪੇਸ਼ ਆਉਂਦੀ ਹੈ ਅਤੇ ਸਾਹ ਲੈਣਾ ਮੁਸ਼ਕਲ ਪੇਸ਼ ਆ ਰਹੀ ਮਹਿਸੂਸ ਹੋਵੇ ਤਾਂ ਤੁਰੰਤ ਪੁਦੀਨੇ ਵਾਲੀ ਚਾਹ ਪੀਵੋ। ਇੱਥੇ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਤੁਹਾਡੇ ਵਾਪੋ-ਰੱਬ ਅਤੇ ਇਨਿਹੇਲਰ 'ਚ ਅਕਸਰ ਪੁਦੀਨੇ ਦੀ ਵਰਤੋਂ ਕੀਤੀ ਜਾਂਦੀ ਹੈ। ਪੁਦੀਨੇ ਨੂੰ ਨੱਕ, ਗਲ਼ੇ ਅਤੇ ਫੇਫੜਿਆਂ 'ਚ ਨਜ਼ਲੇ ਕਾਰਨ ਆ ਰਹੀ ਦਿੱਕਤ ਨੂੰ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਸਾਹ ਲੈਣ 'ਚ ਦਰਪੇਸ਼ ਤਕਲੀਫਾਂ ਨੂੰ ਦੂਰ ਕਰਨ ਤੋਂ ਇਲਾਵਾ, ਪੁਦੀਨੇ 'ਚ ਮੌਜੂਦ ਐਂਟੀ-ਇਨਫਲੇਮੇਟਰੀ ਗੁਣ ਵੀ ਵਿਗੜੀ ਖੰਘ ਨੂੰ ਦਰੁਸਤ ਕਰਨ 'ਚ ਸਹਾਈ ਹੁੰਦੇ ਹਨ।
ਦੰਦਾਂ ਦੀ ਸਮੱਸਿਆ ਲਈ ਲਾਭਕਾਰੀ:- ਜਿਹੜੇ ਲੋਕ ਦੰਦਾਂ ਦੇ ਦਰਦ, ਪਾਇਰੀਆ ਅਤੇ ਮਸੂੜਿਆਂ 'ਚੋ ਖੂਨ ਆਉਣ ਦੀ ਪਰੇਸ਼ਾਨੀ ਤੋਂ ਪੀੜਤ ਹਨ , ਉਨ੍ਹਾਂ ਲਈ ਵੀ ਪੁਦੀਨਾ ਲਾਭਦਾਇਕ ਹੈ।
ਪੁਦੀਨਾ ਕਈ ਪ੍ਰਕਾਰ ਦੇ ਚਮੜੀ ਦੇ ਰੋਗਾਂ ਨੂੰ ਖਤਮ ਕਰਨ ਦਾ ਹੁਨਰ ਰੱਖਦਾ ਹੈ। ਚਮੜੀ ਦੇ ਰੋਗ ਹੋਣ 'ਤੇ ਪੁਦੀਨੇ ਦੀਆਂ ਪੱਤੀਆਂ ਦਾ ਲੇਪ ਲਾਉਣ ਨਾਲ ਕਾਫੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਖੂਬਸੂਰਤੀ ਨੂੰ ਹੋਰ ਨਿਖਾਰਨ ਲਈ ਪੁਦੀਨੇ ਦਾ ਲਾਭ ਮਿਲੇਗਾ। ਗਰਮੀ ਤੋੰ ਰਾਹਤ ਪ੍ਰਦਾਨ ਕਰੇ ਪੁਦੀਨਾ ਗਰਮੀ 'ਚ ਲੂ ਲੱਗਣ ਤੋਂ ਬਾਅਦ ਪੁਦੀਨੇ (ਮਿੰਟ ਵਾਟਰ )ਦਾ ਸੇਵਨ ਕਰਨਾ ਕਾਫ਼ੀ ਲਾਭ ਪਹੁੰਚਾਉਂਦਾ ਹੈ। ਜੇਕਰ ਕਦੇ ਕਿਸੇ ਨੂੰ ਲੂ ਲੱਗ ਜਾਵੇ ਤਾਂ ਉਸਨੂੰ ਪੁਦੀਨੇ ਦਾ ਰਸ ਅਤੇ ਪਿਆਜ ਦੇ ਰਸ ਨਾਲ ਪਿਲਾਇਆ ਜਾਵੇ ਤਾਂ ਕਿਹਾ ਜਾਂਦਾ ਇਸ ਨਾਲ ਫ਼ਰਕ ਮਿਲ ਸਕਦਾ ਹੈ।
ਸੋ ਇੱਕ ਨਹੀਂ ਬਲਕਿ ਕਈ ਰੋਗਾਂ ਦਾ ਰਾਮਬਾਣ ਇਲਾਜ ਹੈ 'ਪੁਦੀਨਾ', ਜ਼ਰੂਰ ਖਾਓ, ਤੰਦਰੁਸਤੀ ਨੂੰ ਬੁਲਾਓ!