ਨਵੀਂ ਦਿੱਲੀ: ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ 10-12 ਕਾਰਾਂ ਵਿੱਚ 50 ਪੁਲਿਸ ਮੁਲਾਜ਼ਮ ਤਜਿੰਦਰ ਬੱਗਾ ਨੂੰ ਉਸਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰਨ ਲਈ ਆਏ ਸਨ। ਬੱਗਾ ਦੇ ਨਜ਼ਦੀਕੀ ਭਾਜਪਾ ਸਾਥੀਆਂ ਨੇ ਇਸ ਸਬੰਧੀ ਟਵਿੱਟਰ ਉਤੇ ਆਪਣੀ ਜਾਣਕਾਰੀ ਸਾਂਝੀ ਕੀਤੀ। ਇਸ ਵਿਚਕਾਰ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰ ਕੇ ਲਿਆ ਰਹੀ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨੇ ਕੁਰੂਕੇਸ਼ਤਰ ਵਿੱਚ ਪਿੱਪਲੀ ਨੇੜੇ ਰੋਕ ਲਿਆ ਹੈ। ਇਸ ਸਭ ਨਾਲ ਪੰਜਾਬ ਪੁਲਿਸ ਵਿਵਾਦਾਂ ਵਿੱਚ ਘਰ ਗਈ ਹੈ। ਹਰਿਆਣਾ ਪੁਲਿਸ ਤੇ ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ।
ਐਸਪੀ ਮਨਪ੍ਰੀਤ ਸਿੰਘ ਨੇ ਹਰਿਆਣਾ ਵਿੱਚ ਗੱਡੀ ਰੋਕੇ ਜਾਣ ਸਬੰਧੀ ਕਿਹਾ ਕਿ ਪੰਜਾਬ ਪੁਲਿਸ ਨੇ ਇਕ ਮਾਮਲਾ ਦਰਜ ਕੀਤਾ ਸੀ। ਤਜਿੰਦਰ ਬੱਗਾ ਨੂੰ ਪਹਿਲਾਂ ਪੰਜ ਨੋਟਿਸ ਦਿੱਤੇ ਗਏ ਸਨ ਅਤੇ ਉਨ੍ਹਾਂ ਨੇ ਨੋਟਿਸਾਂ ਨੂੰ ਅਣਗੌਲਿਆ ਕੀਤਾ ਹੈ। ਹਾਈ ਕੋਰਟ ਵਿੱਚ ਵੀ ਇਸ ਸਬੰਧੀ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਗ੍ਰਿਫਤਾਰੀ ਵੇਲੇ ਵੀ ਵੀਡੀਓ ਬਣਾਈ ਗਈ ਹੈ ਅਤੇ ਪੂਰੇ ਨਿਯਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਪੁਲਿਸ ਵੱਲੋਂ ਰੋਕੇ ਜਾਣ ਉਤੇ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਇਹ ਵੈਰੀਫਾਈ ਕਰ ਰਹੀ ਹੈ ਕਿ ਸਭ ਨਿਯਮਾਂ ਤਹਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬੱਗਾ ਨੂੰ ਸਿੱਧਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਵਿਚਕਾਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਹਰਿਆਣਾ ਦੇ ਡੀਜੀਪੀ ਨੂੰ ਪੱਤਰ ਭੇਜ ਰਹੀ ਹੈ। ਪੰਜਾਬ ਪੁਲਿਸ ਐਫਆਈਆਰ ਦੀ ਕਾਪੀ ਦੇ ਨਾਲ ਇੱਕ ਪੱਤਰ ਭੇਜ ਰਹੀ ਹੈ। ਇਹ ਅਗਵਾ ਦਾ ਮਾਮਲਾ ਨਹੀਂ ਹੈ। ਭਾਜਪਾ ਆਗੂ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਵੱਲੋਂ ਅੱਜ ਸਵੇਰੇ ਗ੍ਰਿਫ਼ਤਾਰ ਕੀਤੇ ਜਾਣ ਕਾਰਨ ਰੋਸ ਵਜੋਂ ਭਾਜਪਾ ਆਗੂਆਂ ਤੇ ਵਰਕਰਾਂ ਨੇ ਜਨਕਪੁਰੀ ਥਾਣੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ 3 ਤੋਂ 4 ਜਵਾਨ ਥਾਣੇ ਦੇ ਅੰਦਰ ਬੈਠੇ ਹੋਏ ਹਨ। ਪੰਜਾਬ ਪੁਲੀਸ ਵੱਲੋਂ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕਰਨ ਦਿੱਲੀ ਪੁਲੀਸ ਨੇ ਅੱਜ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੱਗਾ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਹੈ ਕਿ ਕੁੱਝ ਲੋਕ ਸਵੇਰੇ 8 ਵਜੇ ਦੇ ਕਰੀਬ ਘਰ ਆਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਨਕਪੁਰੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
LIVE UPDATE :
- ਬੱਗਾ ਦੀ ਗ੍ਰਿਫਤਾਰੀ 'ਤੇ ਸੀਐਮ ਮਨੋਹਰ ਲਾਲ ਖੱਟਰ ਦਾ ਬਿਆਨ ਆਇਆ ਸਾਹਮਣੇ
- ਦਿੱਲੀ ਪੁਲਿਸ ਨੇ ਹਰਿਆਣਾ ਪੁਲਿਸ ਤੋਂ ਮਦਦ ਮੰਗੀ ਸੀ ਅਤੇ ਕਿਹਾ ਸੀ ਕਿ ਤੇਜੇਂਦਰ ਬੱਗਾ ਨੂੰ ਅਗਵਾ ਕਰ ਲਿਆ ਗਿਆ ਹੈ।
- ਉਸ ਦੇ ਪਿਤਾ ਨੇ ਐਫਆਈਆਰ ਦਰਜ ਕਰਵਾਈ ਸੀ, ਉਸੇ ਆਧਾਰ ’ਤੇ ਅਸੀਂ ਤੇਜੇਂਦਰ ਬੱਗਾ ਨੂੰ ਦਿੱਲੀ ਪੁਲੀਸ ਹਵਾਲੇ ਕਰ ਦਿੱਤਾ।
- ਮੋਹਾਲੀ ਤੋਂ ਬਾਅਦ ਲੁਧਿਆਣਾ ਵਿਖੇ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਸੜਕਾਂ 'ਤੇ ਉੱਤਰੇ ਭਾਜਪਾ ਦੇ ਸਮਰਥਕ, ਸਾੜਿਆ ਅਰਵਿੰਦ ਕੇਜਰੀਵਾਲ ਦਾ ਪੁਤਲਾ
- ਹਰਿਆਣਾ ਅਤੇ ਦਿੱਲੀ ਪੁਲਿਸ ਨੇ ਫ਼ਿਲਮੀ ਅੰਦਾਜ਼ ਵਿਚ ਕੀਤੀ ਧੱਕੇਸ਼ਾਹੀ ਤਾਂ ਹੀ ਲਾਉਣੀ ਪਈ ਹਾਈ ਕੋਰਟ 'ਚ ਗੁਹਰ
- ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਨਾ ਘਰੇ ਨਾ ਬਾਹਰ
- ਦਿੱਲੀ ਪੁਲਿਸ ਨੂੰ ਜਨਕਪੁਰੀ ਥਾਣੇ ਤੋਂ ਸੂਚਿਤ ਕਰਨ ਤੋਂ ਲੈ ਕੇ ਘਰੇ ਗ੍ਰਿਫਤਾਰੀ ਪਾਉਣ ਦੀਆਂ ਸਾਰੀਆਂ ਤਸਵੀਰਾਂ ਕੈਮਰੇ 'ਚ ਕੈਦ
- ਏਜੀ ਅਨਮੋਲ ਰਤਨ ਸਿੱਧੂ ਦਾ ਕਹਿਣਾ ਕਿ ਸਾਰੀ ਕਾਨੂੰਨੀ ਪ੍ਰਕ੍ਰਿਆ ਦੇ ਹਿਸਾਬ ਨਾਲ ਹੀ ਹੋਈ ਹੈ ਪੂਰੀ ਕਾਰਵਾਈ
- ਪੰਜਾਬ ਦੇ ਏਜੀ ਨੇ ਮੀਡੀਆ ਨੂੰ ਕੀਤਾ ਸੰਬੋਧਿਤ
- ਉਨ੍ਹਾਂ ਇਹ ਵੀ ਕਿਹਾ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ
- ਪੰਜਾਬ ਦੇ ਏਜੀ ਅਨਮੋਲ ਰਤਨ ਸਿੱਧੂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਦਰਜ FIR ਬਿਲਕੁਲ ਸਹੀ
- ਹੁਣ ਕੱਲ੍ਹ ਮੁੜ ਸੁਣਵਾਈ ਹੋਵੇਗੀ
- ਅੱਜ ਸ਼ਾਮ 5.30 ਤੱਕ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਕੋਰਟ ਵਿਚ ਹਲਫ਼ਨਾਮਾ ਦਾਇਰ ਨੂੰ ਕਿਹਾ ਗਿਆ
- ਦਿੱਲੀ ਪੁਲਿਸ ਨੇ ਵੀ ਆਪਣਾ ਤਰਕ ਪੇਸ਼ ਕੀਤਾ ਕਿ ਉਨ੍ਹਾਂ ਕਿਸੇ ਪੁਲਿਸ ਮੁਲਾਜ਼ਮ ਨੂੰ ਡਿਟੇਨ ਨਹੀਂ ਕੀਤਾ
- ਪੰਜਾਬ ਸਰਕਾਰ ਵਲੋਂ ਬੱਗਾ ਨੂੰ ਹਰਿਆਣਾ ਵਿੱਚ ਹੀ ਰੱਖਣ ਦੀ ਕੀਤੀ ਗਈ ਸੀ ਮੰਗ
- ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਮੋਹਾਲੀ ਵਿਖੇ ਭਾਜਪਾ ਦੇ ਯੂਥ ਵਿੰਗ ਵਲੋਂ ਧਾਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦਰਮਿਆਨ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਵੀ ਫੂੱਕਿਆ
- ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਮੁੜ ਸੁਣਵਾਈ ਹੋਈ ਸ਼ੁਰੂ
- ਏਡੀਜੀਪੀ ਪੰਜਾਬ ਸ਼ਰਦ ਚੌਹਾਨ ਪਿਪਲੀ ਥਾਣੇ ਪੁੱਜੇ
- ਦਿੱਲੀ ਦੀ ਅਦਾਲਤ ਨੇ ਭਾਜਪਾ ਆਗੂ ਤਜਿੰਦਰ ਪਾਲ ਬੱਗਾ ਨੂੰ ਲੱਭਣ ਲਈ ਐਸਐਚਓ ਜਨਕਪੁਰੀ ਨੂੰ ਸਰਚ ਵਾਰੰਟ ਜਾਰੀ ਕੀਤਾ
ਐਸਐਚਓ ਨੇ ਅਦਾਲਤ ਨੂੰ ਦੱਸਿਆ ਕਿ ਬੱਗਾ ਦੀ ਲੋਕੇਸ਼ਨ ਹਰਿਆਣਾ ਦੇ ਕੁਰੂਕਸ਼ੇਤਰ 'ਚ ਟਰੇਸ ਕੀਤੀ ਗਈ
- ਬੱਗਾ ਅੱਤਵਾਦੀ ਨਹੀਂ, ਹਾਈ ਕੋਰਟ ਵਿੱਚ ਮਾਮਲਾ ਹੈ ਵਿਚਾਰ ਅਧੀਨ : ਤਜਿੰਦਰ ਬੱਗਾ ਦਾ ਵਕੀਲ
- ਹਰਿਆਣਾ ਵਿੱਚ ਪੰਜਾਬ ਪੁਲਿਸ ਨੂੰ ਰੋਕੇ ਜਾਣਾ ਮੰਦਭਾਗਾ: ਐਡਵੋਕੇਟ ਜਨਰਲ
- ਹਰਿਆਣਾ ਨੇ ਜਵਾਬ ਦੇਣ ਲਈ ਹਾਈ ਕੋਰਟ ਵਿੱਚ ਮੰਗਿਆ ਸਮਾਂ
- ਹਾਈ ਕੋਰਟ ਵਿੱਚ ਸੁਣਵਾਈ ਹੋਈ ਸ਼ੁਰੂ
- ਜਸਟਿਸ ਲਲਿਤ ਬੱਤਰਾ ਦੀ ਅਦਾਲਤ 'ਚ ਸੁਣਵਾਈ ਹੋਵੇਗੀ
- ਪਟੀਸ਼ਨ ਵਿੱਚ ਹਰਿਆਣਾ ਪੁਲਿਸ ਉਪਰ ਪੰਜਾਬ ਪੁਲਿਸ ਨੂੰ ਰੋਕਣ ਦੇ ਲਗਾਏ ਦੋਸ਼
- ਪੰਜਾਬ ਸਰਕਾਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ
- ਦਿੱਲੀ ਪੁਲਿਸ ਦਿੱਲੀ ਲਈ ਹੋਈ ਰਵਾਨਾ
- ਹਰਿਆਣਾ ਪੁਲਿਸ ਨੇ ਤਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ
- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਹੈ
- ਪੰਜਾਬ ਦੇ ਐਡਵੋਕੇਟ ਜਨਰਲ ਹਾਈ ਕੋਰਟ ਪੁੱਜੇ
- ਪੰਜਾਬ ਪੁਲਿਸ ਦੇ ਏਡੀਜੀਪੀ ਕੁਰੂਕਸ਼ੇਤਰ ਲਈ ਰਵਾਨਾ ਹੋਏ
- ਕੁੱਝ ਦੇਰ ਵਿੱਚ ਕੁਰੂਕਸ਼ੇਤਰ ਪੁੱਜਣਗੇ
- ਦਿੱਲੀ ਪੁਲਿਸ ਦੇ ਅਧਿਕਾਰੀ ਪੰਜਾਬ ਪੁਲਿਸ ਤੋਂ ਕਰ ਸਕਦੇ ਹਨ ਪੁੱਛਗਿੱਛ
- ਦਿੱਲੀ ਪੁਲਿਸ ਦੇ ਵਧੀਕ ਡੀਸੀਪੀ ਪ੍ਰਸ਼ਾਂਤ ਗੌਤਮ ਆਪਣੀ ਟੀਮ ਨਾਲ ਪਿਪਲੀ ਥਾਣੇ 'ਚ ਪੁੱਜੇ
- ਤਿੰਨ ਸੂਬਿਆਂ ਦੀ ਪੁਲਿਸ ਹੋਈ ਆਹਮੋ-ਸਾਹਮਣੇ
- ਲਿਖਿਆ ਨਿਯਮਾਂ ਤਹਿਤ ਹੋਈ ਗ੍ਰਿਫ਼ਤਾਰੀ
- ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਲਿਖਿਆ ਪੱਤਰ
- ਤਜਿੰਦਰ ਬੱਗਾ ਨੇ ਨਿਯਮਾਂ ਨੂੰ ਅਣਗੌਲਿਆ ਕੀਤਾ : ਭਾਜਪਾ ਯੁਵਾ ਮੋਰਚਾ
- ਭਾਜਪਾ ਯੁਵਾ ਮੋਰਚਾ ਨੇ ਪੰਜਾਬ ਸਰਕਾਰ ਦੀ ਕੀਤੀ ਨਿਖੇਧੀ
- ਥਾਣੇ ਦੇ ਬਾਹਰ ਸਥਿਤੀ ਬਣੀ ਤਣਾਅਪੂਰਨ
- ਪਿਪਲੀ ਥਾਣੇ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਵਰਕਰ ਹੋਏ ਇਕੱਠੇ
- ਪੰਜਾਬ ਪੁਲਿਸ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ
- ਪਿਪਲੀ ਸਦਰ ਥਾਣਾ ਪੁੱਜੀ ਦਿੱਲੀ ਪੁਲਿਸ
- ਜਨਕਪੁਰੀ ਥਾਣੇ ਅੱਗੇ ਭਾਜਪਾ ਆਗੂ ਹੋਏ ਇਕੱਠੇ, ਇਨਸਾਫ਼ ਦੀ ਕਰ ਰਹੇ ਨੇ ਮੰਗ
- ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ : ਅਸ਼ਵਨੀ ਸ਼ਰਮਾ
- ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਸ਼ੁਰੂ ਕਰ ਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ
- ਪੰਜਾਬ ਪੁਲਿਸ ਹਰਿਆਣਾ ਪੁੁਲਿਸ ਨੂੰ ਲਿਖੇਗੀ ਪੱਤਰ, ਕੰਮ ਵਿੱਚ ਦਖ਼ਲ ਨਾ ਦੇਣ ਦੀ ਕੀਤੀ ਜਾਵੇਗੀ ਅਪੀਲ
- ਤਜਿੰਦਰ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਤਿੰਨ ਸੂਬਿਆਂ ਦੀ ਪੁਲਿਸ ਹੋਈ ਆਹਮੋ-ਸਾਹਮਣੇ
- ਸਥਿਤੀ ਤਣਾਅਪੂਰਨ ਬਣਨ ਦਾ ਖ਼ਦਸ਼ਾ
- ਹਰਿਆਣਾ ਦੇ ਕੁਰੂਕੇਸ਼ਤਰ ਵਿੱਚ ਭਾਰੀ ਪੁਲਿਸ ਬਲ ਤਾਇਨਾਤ
- ਭਾਜਪਾ ਆਗੂਆਂ ਨੇ ਅਰਵਿੰਦ ਕੇਜਰੀਵਾਲ ਉਤੇ ਨਿਸ਼ਾਨਾ ਸਾਧਿਆ
- ਪੰਜਾਬ ਪੁਲਿਸ ਉਤੇ ਹੋਵੇਗੀ ਕਾਰਵਾਈ : ਮਨਜਿੰਦਰ ਸਿੰਘ ਸਿਰਸਾ
- ਬੱਗਾ ਦੀ ਹਿਰਾਸਤ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਜਾਵੇਗੀ ਤੇ ਪੰਜਾਬ ਪੁਲਿਸ ਨੂੰ ਰੋਕਿਆ ਗਿਆ ਹੈ।
- ਬੱਗਾ ਮਾਮਲੇ 'ਚ ਪੰਜਾਬ ਸਰਕਾਰ ਹਾਈ ਕੋਰਟ ਜਾਵੇਗੀ।
- ਸੂਤਰਾਂ ਮੁਤਾਬਕ ਜਲਦ ਹੀ ਪਟੀਸ਼ਨ ਦਾਇਰ ਕੀਤੀ ਜਾਵੇਗੀ।
- ਤਜਿੰਦਰ ਬੱਗਾ ਦੇ ਪਿਤਾ ਨੇ ਅਗਵਾ ਦਾ ਮਾਮਲਾ ਕਰਵਾਇਆ ਦਰਜ
ਤਜਿੰਦਰ ਬੱਗਾ ਦੇ ਪਿਤਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਦੋ ਪੁਲਿਸ ਮੁਲਾਜ਼ਮ ਘਰ ਅੰਦਰ ਦਾਖ਼ਲ ਹੋਏ ਅਤੇ ਬਹੁਤ ਹੀ ਨਿਮਰਤਾ ਨਾਲ ਗੱਲ ਕਰਨ ਲੱਗੇ। ਉਸ ਸਮੇਂ ਘਰ ਵਿੱਚ ਉਸਦੇ ਅਤੇ ਬੱਗੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਇਸ ਦੌਰਾਨ ਭਾਜਪਾ ਨੇਤਾ ਕੱਪੜੇ ਪਾ ਕੇ ਬਾਹਰ ਆ ਗਏ। ਕੁਝ ਸੁਖ-ਸਾਂਦ ਦੇ ਵਟਾਂਦਰੇ ਤੋਂ ਬਾਅਦ ਕਈ ਹੋਰ ਪੁਲਿਸ ਵਾਲੇ ਜ਼ਬਰਦਸਤੀ ਘਰ ਵਿੱਚ ਦਾਖਲ ਹੋਣ ਲੱਗੇ। ਜਦੋਂ ਉਹ ਘਰ ਵਿਚ ਵੜਨ ਲੱਗੇ ਤਾਂ ਤਜਿੰਦਰ ਬੱਗਾ ਦੇ ਬਜ਼ੁਰਗ ਪਿਤਾ ਨੇ ਉਨ੍ਹਾਂ ਦੀ ਉੱਚੀ-ਉੱਚੀ ਦੀ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਇਕ ਪੁਲਿਸ ਵਾਲੇ ਨੇ ਉਸ ਨੂੰ ਕਮਰੇ ਵਿਚ ਖਿੱਚ ਲਿਆ।
ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਬੱਗਾ ਨੂੰ ਘਰੋਂ ਗ੍ਰਿਫ਼ਤਾਰ ਕਰ ਲਿਆ।
ਬੀਤੀ 2 ਅਪ੍ਰੈਲ ਨੂੰ ਭਾਜਪਾ ਦੇ ਯੂਥ ਵਿੰਗ ਦੇ ਕੌਮੀ ਸਕੱਤਰ ਤਜਿੰਦਰ ਪਾਲ ਸਿੰਘ ਬੱਗਾ ਨੇ ਖੁਲਾਸਾ ਕੀਤਾ ਸੀ ਕਿ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਸੀ। ਬੱਗਾ ਦੇ ਅਨੁਸਾਰ ਪੰਜਾਬ ਪੁਲਿਸ ਨੇ ਇਹ ਕਦਮ ਉਨ੍ਹਾਂ ਨੂੰ ਬਿਨਾਂ ਕਿਸੇ ਐਫਆਈਆਰ ਬਾਰੇ ਦੱਸੇ ਅਤੇ ਇੱਥੋਂ ਤੱਕ ਕਿ ਸਥਾਨਕ ਪੁਲਿਸ ਨੂੰ ਸੂਚਿਤ ਕੀਤੇ ਬਿਨਾਂ ਨਿਯਮਾਂ ਅਨੁਸਾਰ ਇਹ ਕਦਮ ਚੁੱਕਿਆ। ਉਦੋਂ ਇੱਕ ਟਵੀਟ ਪੋਸਟ ਕਰਦਿਆਂ ਬੱਗਾ ਨੇ ਕਿਹਾ ਸੀ, “ਪੰਜਾਬ ਪੁਲਿਸ ਦੀ ਕਾਰ ਨੰਬਰ PB65AK1594 ਸਥਾਨਕ ਪੁਲਿਸ ਨੂੰ ਦੱਸੇ ਬਿਨਾਂ ਮੈਨੂੰ ਗ੍ਰਿਫਤਾਰ ਕਰਨ ਲਈ ਮੇਰੇ ਘਰ ਪਹੁੰਚੀ। ਹੁਣ ਉਹ ਮੇਰੇ ਦੋਸਤਾਂ ਦੇ ਪਤੇ ਲੱਭ ਰਹੇ ਹਨ ਅਤੇ ਉਨ੍ਹਾਂ ਦੇ ਘਰ ਜਾ ਰਹੇ ਹਨ। ਮੇਰੇ ਖਿਲਾਫ ਅਜੇ ਤੱਕ ਐਫਆਈਆਰ, ਥਾਣੇ, ਧਾਰਾਵਾਂ ਦੀ ਕੋਈ ਸੂਚਨਾ ਨਹੀਂ ਹੈ।'' ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਬੱਗਾ ਵਿਰੁੱਧ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਨ ਲਈ ਐਫਆਈਆਰ ਦਰਜ ਕੀਤੀ ਸੀ ਜਦੋਂ ਦਿੱਲੀ ਦੇ ਮੁੱਖ ਮੰਤਰੀ ਨੇ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 'ਦਿ ਕਸ਼ਮੀਰ ਫਾਈਲਜ਼' ਫਿਲਮ ਦਾ ਮਜ਼ਾਕ ਉਡਾਇਆ ਸੀ ਅਤੇ ਇਸ ਨੂੰ ਝੂਠੀ ਫਿਲਮ ਕਿਹਾ ਸੀ। ਫਿਲਮ 1980ਵਿਆਂ ਦੇ ਅਖੀਰ ਅਤੇ 1990ਵਿਆਂ ਦੇ ਸ਼ੁਰੂ ਵਿੱਚ ਕਸ਼ਮੀਰ ਵਿੱਚ ਹੋਏ ਨਸਲਕੁਸ਼ੀ ਦੌਰਾਨ ਕਸ਼ਮੀਰੀ ਹਿੰਦੂਆਂ ਦੇ ਦੁੱਖਾਂ ਨੂੰ ਦਰਸਾਉਂਦੀ ਹੈ।
ਇਸ ਤੋਂ ਬਾਅਦ ਅਗਲੇ ਦਿਨ ਬੱਗਾ ਵਿਰੁੱਧ ਐਫਆਈਆਰ ਵਾਪਸ ਲੈ ਲਈ ਗਈ ਸੀ, ਜਿਵੇਂ ਕਿ ਤਜਿੰਦਰ ਪਾਲ ਸਿੰਘ ਬੱਗਾ ਨੇ ਇੱਕ ਟਵੀਟ ਵਿੱਚ ਖੁਲਾਸਾ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਜਾਂਚ ਕਰਨ ਲਈ ਇੱਕ ਐਸਆਈਟੀ ਬਣਾਈ ਗਈ ਸੀ। ਭਾਜਪਾ ਨੇਤਾਵਾਂ ਵੱਲੋਂ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾ ਰਹੀ ਹੈ।
ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤਜਿੰਦਰ ਬੱਗਾ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਅਲੋਚਨਾ ਕੀਤੀ। ਜ਼ਿਕਰਯੋਗ ਹੈ ਕਿ ਤਜਿੰਦਰਪਾਲ ਬੱਗਾ ਖਿਲਾਫ਼ ਮੋਹਾਲੀ ਥਾਣੇ ਵਿਚ ਆਮ ਆਦਮੀ ਪਾਰਟੀ ਦੇ ਆਗੂ ਸੰਨੀ ਆਹਲੂਵਾਲੀਆ ਨੇ ਐਫਆਈਆਰ ਦਰਜ ਕਰਵਾਈ ਸੀ। ਇਸ ਸ਼ਿਕਾਇਤ ’ਤੇ ਮੋਹਾਲੀ ਪੁਲਿਸ ਨੇ ਬੱਗਾ ਨੂੰ ਤਲਬ ਵੀ ਕੀਤਾ ਸੀ ਪਰ ਉਹ ਹਾਜ਼ਰ ਨਹੀਂ ਹੋਏ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਸਵੇਰੇ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਭਾਜਪਾ ਦੇ ਬੁਲਾਰੇ ਤੇਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਦੀ ਹਿਟਲਰ ਵਰਗੀ ਕਾਰਵਾਈ ਲਈ ਦਿੱਲੀ ਅਤੇ ਪੰਜਾਬ ਦੀ 'ਆਪ' ਸਰਕਾਰ ਦੀ ਆਲੋਚਨਾ ਕੀਤੀ। ਚੁੱਘ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਤੇਜਿੰਦਰ ਨੂੰ ਪਟਕਾ ਅਤੇ ਦਸਤਾਰ ਪਹਿਨਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ, ਜੋ ਕਿ ਸਿੱਖ ਦੀ ਬੇਇੱਜ਼ਤੀ ਅਤੇ ਬੇਇੱਜ਼ਤੀ ਹੈ।'' ਕਿਸੇ ਸਿੱਖ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੇ ਬਿਨਾਂ ਉਸ ਨੂੰ ਇਸ ਤਰ੍ਹਾਂ ਚੁੱਕ ਕੇ ਲਿਜਾਣਾ ਬਹੁਤ ਵੱਡਾ ਗੁਨਾਹ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਆਪਣੇ ਸਿਆਸੀ ਵਿਰੋਧੀਆਂ ਨਾਲ ਰਾਜ਼ੀਨਾਮਾ ਕਰਨ ਲਈ ਪੰਜਾਬ ਪੁਲਿਸ ਦੀ ਸ਼ਰੇਆਮ ਦੁਰਵਰਤੋਂ ਕਰ ਰਿਹਾ ਹੈ।
ਇਸ ਵਿਚਕਾਰ ਪ੍ਰੈਸ ਕਾਨਫਰੰਸ ਦੌਰਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਆਮ ਆਦਮ ਪਾਰਟੀ ਪੰਜਾਬ ਪੁਲਿਸ ਦੀ ਦੁਰਵਤੋਂ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਮੁੜ 84 ਦੇ ਰਾਹ ਉਤੇ ਲਿਜਾ ਰਿਹਾ ਹੈ। ਕੇਜਰੀਵਾਲ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ ਪਰ ਭਾਜਪਾ ਸੱਚ ਦੇ ਨਾਲ ਖੜ੍ਹੀ ਹੈ।
ਤਜਿੰਦਰ ਬੱਗਾ ਨੇ ਕੋਈ ਗੁਨਾਹ ਨਹੀਂ ਕੀਤਾ ਤੇ ਉਸ ਨੇ ਅਰਵਿੰਦ ਕੇਜਰੀਵਾਲ ਦਾ ਪਰਦਾਫਾਸ਼ ਕੀਤਾ ਹੈ। ਅਰਵਿੰਦ ਕੇਜਰੀਵਾਲ ਦਾ ਚਿਹਰਾ ਨੰਗਾ ਹੋ ਰਿਹਾ ਹੈ। ਤਜਿੰਦਰ ਬੱਗਾ ਨੂੰ ਸੱਚ ਬੋਲਣ ਦੀ ਸਜ਼ਾ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਗਲਤ ਕੰਮ ਕਰੇਗਾ ਉਸ ਦਾ ਚਿਹਰਾ ਨੰਗਾ ਜ਼ਰੂਰ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੋੋਲੋਂ ਬੇਅਦਬੀਆਂ ਵਾਲੇ ਅਤੇ ਨਸ਼ਾ ਸਮੱਗਲਰ ਅਜੇ ਤੱਕ ਨਹੀਂ ਫੜੇ ਗਏ। ਪਰ ਸੱਚੇ ਸਰਦਾਰ ਨੂੰ ਗ੍ਰਿਫਤਾਰ ਕਰ ਲਈ ਝੱਟ ਹੀ ਪੁਲਿਸ ਦੀ ਗੱਡੀਆਂ ਭੇਜ ਦਿੱਤੀਆਂ ਹਨ। ਅਗਵਾ ਕੀਤੇ ਗਏ ਤੇਜਿੰਦਰ ਬੱਗੇ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਅਫਸਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਭਗਵੰਤ ਸਿੰਘ ਮਾਨ ਉਤੇ ਵੀ ਨਿਸ਼ਾਨਾ ਸਾਧਿਆ ਹੈ।
ਕਿਉਂਂ ਹੋਈ ਬੱਗਾ ਦੀ ਗ੍ਰਿਫ਼ਤਾਰੀ : ਹਾਲ ਹੀ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਤਜਿੰਦਰ ਬੱਗਾ ਖ਼ਿਲਾਫ਼ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਸੇ ਮਾਮਲੇ 'ਚ ਤਜਿੰਦਰ ਨੂੰ ਪੁੱਛਗਿੱਛ ਲਈ ਤਿੰਨ ਵਾਰ ਸੰਮਨ ਭੇਜਿਆ ਗਿਆ ਸੀ ਪਰ ਉਹ ਇਕ ਵਾਰ ਵੀ ਪੁੱਛਗਿੱਛ 'ਚ ਸ਼ਾਮਿਲ ਨਹੀਂ ਹੋਏ। ਤਜਿੰਦਰ ਪਾਲ ਸਿੰਘ ਬੱਗਾ ਨੂੰ ਪੁੱਛਗਿੱਛ ਪ੍ਰਕਿਰਿਆ ਵਿੱਚ ਸ਼ਾਮਲ ਨਾ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ 3,545 ਨਵੇਂ ਕੇਸ ਆਏ