ਸ੍ਰੀ ਦਰਬਾਰ ਸਾਹਿਬ 'ਚ ਹੋਏ ਬੇਅਦਬੀ ਦੀ ਘਟਨਾ ਦੀ ਹਰਜਿੰਦਰ ਸਿੰਘ ਧਾਮੀ ਵੱਲੋਂ ਕਰੜੇ ਸ਼ਬਦਾਂ 'ਚ ਨਿੰਦਾ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਦਰੁ ਸਾਹਿਬ ਦੇ ਪਾਠ ਸਮੇਂ ਇਕ ਵਿਅਕਤੀ ਵੱਲੋਂ ਜੰਗਲਾ ਟੱਪ ਕੇ ਕੀਤੀ ਬੇਅਦਬੀ ਦੀ ਕੋਸ਼ਿਸ ਨੇ ਪੂਰੀ ਦੁਨੀਆਂ ਅੰਦਰ ਵਸਦੇ ਸਿੱਖਾਂ ਨੂੰ ਵੱਡੀ ਆਤਮਿਕ ਪੀੜ੍ਹਾ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੋਂ ਸਮੁੱਚੀ ਮਾਨਵਤਾ ਨੂੰ ਸਰਬਸਾਂਝੀ ਵਾਲਤਾ ਦਾ ਸੁਨੇਹਾ ਮਿਲਦਾ ਹੈ, ਉਥੇ ਅਜਿਹੀ ਘਟਨਾ ਦਾ ਵਾਪਰਨਾ ਵੱਡੇ ਦੁੱਖ ਦੀ ਗਲ ਹੈ। ਉਨ੍ਹਾ ਕਿਹਾ ਕਿ ਅੱਜ ਸੋਦਰੁ ਸਾਹਿਬ ਦੇ ਪਾਠ ਸਮੇਂ ਇਕ ਵਿਅਕਤੀ ਜੰਗਲਾ ਟੱਪ ਕੇ ਅੰਦਰ ਵੜਿਆ ਜਿਸ ਨੂੰ ਮੌਕੇ ਤੇ ਮੌਜੂਦ ਸੇਵਾਦਾਰਾਂ ਨੇ ਕਾਬੂ ਕਰ ਲਿਆ। ਜਿਸ ਦੀ ਸੰਗਤ ਵੱਲੋਂ ਕੀਤੀ ਕੁੱਟਮਾਰ ਕਾਰਨ ਮੌਤ ਹੋ ਗਈ। ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਥਾਵਾਂ ਤੇ ਮੰਦਭਾਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਸਰਕਾਰਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਫੜ੍ਹੇ ਗਏ ਲੋਕਾਂ ਦੇ ਪਿਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਬੇਪਰਦਾ ਕਰਨ ਦੀ ਬਜਾਏ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਕੇ ਛੱਡ ਦਿੱਤਾ ਜਾਂਦਾ ਹੈ। ਦੋਸ਼ੀਆਂ ਦੇ ਪਿਛੇ ਕੰਮ ਕਰਦੇ ਲੋਕਾਂ ਤੱਕ ਨਾ ਪਹੁੰਚਣਾ ਸਰਕਾਰਾਂ ਅਤੇ ਏਜੰਸੀਆ ਦੀ ਨਾਕਾਮੀ ਹੈੈ। -PTC News