ਗੁਰਦਾਸਪੁਰ 'ਚ 6 ਹੋਰ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਹੋਈ 35
ਗੁਰਦਾਸਪੁਰ 'ਚ 6 ਹੋਰ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ ਹੋਈ 35:ਗੁਰਦਾਸਪੁਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਗੁਰਦਾਸਪੁਰ 'ਚ ਅੱਜ 6 ਹੋਰ ਸ਼ਰਧਾਲੂਆਂ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ 'ਚ ਸੋਮਵਾਰ ਸਵੇਰੇ ਕੋਰੋਨਾ ਪਾਜ਼ੀਟਿਵ ਦੇ ਨਵੇਂ 6 ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 35 ਹੋ ਗਈ ਹੈ। ਇਹ 6 ਵਿਅਕਤੀ ਵੀ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹੀ ਹਨ। ਐਤਵਾਰ ਨੂੰ ਜ਼ਿਲ੍ਹੇ 'ਚ ਕੋਈ ਵੀ ਨਵਾਂ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ ਸੀ। ਉੱਥੇ ਹੀ ਸ਼ਨਿਚਰਵਾਰ ਨੂੰ ਇਕੱਠੇ 24 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਅੱਜ ਸਵੇਰੇ ਸੰਗਰੂਰ 'ਚ 52 ,ਫਰੀਦਕੋਟ 'ਚ 12 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਦੱਸ ਦੇਈਏ ਕਿ ਜਿਹੜੇ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਆਏ ਹਨ,ਉਨ੍ਹਾਂ 'ਚੋਂ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ। -PTCNews