ਗੈਸਟ ਫੈਕਲਟੀ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਕੱਢੀ ਭੜਾਸ
ਪਟਿਆਲਾ : ਅੱਜ ਗੈਸਟ ਫੈਕਲਟੀ ਕਾਂਸਟੀਚੁਐਟ ਕਾਲਜਿਜ਼/ਨੇਬਰਹੁੱਡ ਕੈਂਪਸ ਦਾ ਧਰਨਾ ਅੱਜ 22ਵੇਂ ਦਿਨ ਤੇ ਭੁੱਖ ਹੜਤਾਲ 14ਵੇਂ ਦਿਨ ਵੀ ਜਾਰੀ ਰਹੀ। ਹੱਕੀ ਮੰਗਾਂ ਨੂੰ ਲੈ ਕੇ ਗੈਸਟ ਫੈਕਲਟੀ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਗੈਸਟ ਫੈਕਲਟੀ ਦੀਆਂ ਹੱਕੀ ਮੰਗਾਂ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਨਾਂਹ ਪੱਖੀ ਰਵੱਈਆ ਅਜੇ ਵੀ ਬਣਿਆ ਹੋਇਆ ਹੈ। ਪੰਜਾਬੀ ਯੂਨੀਵਰਸਿਟੀ ਵਰਗੀ ਸਿਰਮੌਰ ਸੰਸਥਾ ਇਨ੍ਹਾਂ ਗੈਸਟ ਅਧਿਆਪਕਾਂ ਤੋਂ ਕੰਮ ਤਾਂ 12 ਮਹੀਨੇ ਕਰਵਾਉਂਦੀ ਹੈ ਪਰ ਇਨ੍ਹਾਂ ਅਧਿਆਪਕਾਂ ਨੂੰ ਮਿਹਨਤਾਨਾ ਸਿਰਫ 7-8 ਮਹੀਨੇ ਹੀ ਪ੍ਰਦਾਨ ਕਰਦੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਪ੍ਰਤੀ ਰੋਸ ਦਿਖਾਉਣ ਲਈ ਅੱਜ ਪ੍ਰੋ. ਲਖਵਿੰਦਰ ਸਿੰਘ( ਯੂਨੀਵਰਸਿਟੀ ਕਾਲਜ, ਜੈਤੋ ) ਪ੍ਰੋ.ਗੁਰਬਿੰਦਰ ਕੌਰ( ਯੂਨੀਵਰਸਿਟੀ ਕਾਲਜ, ਜੈਤੋ ) ਦੁਆਰਾ ਇੱਕ ਦਿਨਾਂ ਭੁੱਖ ਹੜਤਾਲ ਰੱਖੀ ਗਈ। ਅੱਜ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਦਿਆਂ ਹੋਇਆ ਪਹਿਲਾਂ ਯੂਨੀਵਰਸਿਟੀ ਦੀਆਂ ਸੜਕਾਂ ਅਤੇ ਯੂਨੀਵਰਸਿਟੀ ਦੇ ਮੇਨ ਗੇਟ ਉੱਤੇ ਰੋਸ ਮਾਰਚ ਕੀਤਾ ਗਿਆ ਅਤੇ ਉਸ ਤੋਂ ਬਾਅਦ ਲਾਇਬ੍ਰੇਰੀ ਕੋਲ ਜਾਕੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਗੈਸਟ ਫੈਕਲਟੀ ਅਧਿਆਪਕਾਂ ਦੁਆਰਾ ਵਾਈਸ-ਚਾਂਸਲਰ ਦਾ ਪੁਤਲਾ ਸਾੜਿਆ ਗਿਆ ਅਤੇ ਵਾਈਸ ਚਾਂਸਲਰ ਦੇ ਅਣਮਨੁੱਖੀ ਅਤੇ ਘਟੀਆ ਵਤੀਰੇ ਦੀ ਜੰਮ ਕੇ ਅਲੋਚਨਾ ਕੀਤੀ ਗਈ। ਗੈਸਟ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਲੜਾਈ ਤਨਖਾਹ ਦੇ ਨਾਲ-ਨਾਲ ਸਾਡੇ ਮਾਣ ਸਨਮਾਨ ਦੀ ਵੀ ਹੈ ਕਿਉਂਕ ਕਾਲਜਾਂ ਵਿੱਚ ਸਾਡੇ ਨਾਲ ਅਣਮਨੁੱਖੀ ਵਤੀਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮੰਗ ਸਿਰਫ ਇਹੀ ਹੈ ਕਿ ਸਾਨੂੰ ਸਰਕਾਰੀ ਕਾਲਜਾਂ ਦੀ ਤਰਜ ਉੱਪਰ 12 ਮਹੀਨੇ ਕੀਤਾ ਜਾਵੇ ਪਰ ਯੂਨੀਵਰਸਿਟੀ ਅਥਾਰਟੀ ਸਾਡੀਆ ਮੰਗਾਂ ਪ੍ਰਤੀ ਸੁਹਿਰਦਤਾ ਨਾਲ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਇਸ ਤੋਂ ਬਾਅਦ ਯੂਨੀਅਨ ਬੁਲਾਰਿਆਂ ਨੇ ਕਿਹਾ ਕਿ ਵਾਈਸ ਚਾਂਸਲਰ ਦੇ ਪੁਤਲੇ ਨੂੰ ਸਾੜਨ ਦਾ ਉਦੇਸ਼ ਇਹ ਹੈ ਕਿ ਉੱਚੇ ਅਹੁਦਿਆਂ ਉੱਪਰ ਬੈਠ ਕੇ ਇਨ੍ਹਾਂ ਵਿੱਚ ਇਨਸਾਨੀਅਤ ਮਰ ਚੁੱਕੀ ਹੈ ਤੇ ਜੇ ਯੂਨੀਵਰਸਿਟੀ ਅਥਾਰਟੀ ਨੂੰ ਅਜੇ ਵੀ ਸ਼ਰਮ ਨਹੀਂ ਆਉਂਦੀ ਤਾਂ ਇਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਅਹੁਦਿਆਂ ਉਤੇ ਰਹਿਣ ਦਾ ਕੋਈ ਹੱਕ ਨਹੀਂ। ਯੂਨੀਵਰਸਿਟੀ ਪ੍ਰਸ਼ਾਸਨ ਲਗਾਤਾਰ ਇਨ੍ਹਾਂ ਅਧਿਆਪਕਾਂ ਤੋਂ ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰ ਰਿਹਾ। ਯੂਨੀਅਨ ਦੇ ਆਗੂਆ ਦਾ ਕਹਿਣਾ ਹੈ ਕਿ ਜੇ ਯੂਨੀਵਰਸਿਟੀ ਇਸੇ ਤਰ੍ਹਾਂ ਹੀ ਆਪਣੀ ਜਿੱਦ ਕਰਦੀ ਰਹੀ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਤੋਂ ਬਾਅਦ PSU ਤੋਂ ਅਮਨਦੀਪ ਸਿੰਘ ਅਤੇ PRSU ਰਸਪਿੰਦਰ ਸਿੰਘ ਜਿੰਮੀ ਵਿਦਿਆਰਥੀ ਜਥੇਬੰਦੀਆਂ ਦੁਆਰਾ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਤੇ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਤੇ ਹਰ ਪ੍ਰਕਾਰ ਦੇ ਸਮਰਥਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪ੍ਰੋ.ਜਸਵਿੰਦਰ ਸਿੰਘ ਸਿੰਘ,ਪ੍ਰੋ.ਹਰਦੀਪ ਕੌਰ, ਪ੍ਰੋ. ਸਤਮੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਹ ਵੀ ਪੜ੍ਹੋ : ਅਗਨੀਪੱਥ ਸਕੀਮ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ 'ਆਪ' ਸਰਕਾਰ ਘੇਰੀ