ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਸਹੁੰ ਚੁੱਕਾਂਗੇ : ਭਗਵੰਤ ਮਾਨ
ਸੰਗਰੂਰ : ਬਹੁਮਤ ਦੇ ਨੇੜੇ ਪੁੱਜੀ ਆਮ ਆਦਮੀ ਪਾਰਟੀ ਦੇ ਸੀਐਮ ਚਿਹਰਾ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਸਾਰੇ ਪੰਜਾਬ ਵਾਸੀਆਂ ਤੇ ਬਾਹਰ ਬੈਠੇ ਸਿੱਖ ਭਾਈਚਾਰੇ ਇਸ ਜਿੱਤ ਲਈ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਸੌੜੀ ਤੇ ਮਾੜੀ ਸ਼ਬਦਾਵਲੀ ਵਰਤੀ। ਇਸ ਦੇ ਉਲਟ ਲੋਕ ਹਕੀਕਤ ਤੋਂ ਜਾਣੂ ਸਨ ਤੇ ਉਨ੍ਹਾਂ ਨੇ ਅੱਜ ਤਸਵੀਰ ਬਿਲਕੁਲ ਸਾਫ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਬਜ਼ੁਰਗ ਤੇ ਪੰਜਾਬ ਵਾਸੀ ਬਿਲਕੁਲ ਵੀ ਸਰਕਾਰੀ ਦਫਤਰਾਂ ਵਿੱਚ ਧੱਕੇ ਨਹੀ ਖਾਣਗੇ। ਉਨ੍ਹਾਂ ਨੇ ਕਿਹਾ ਕਿ ਸਾਰੇ ਪੰਜਾਬ ਵਾਸੀਆਂ ਨੇ ਰਲ਼ ਕੇ ਵਿਕਾਸ ਵਿੱਚ ਯੋਗਦਾਨ ਪਾਉਣਾ। ਹੁਣ ਪੰਜਾਬ ਮਹਿਲਾਂ ਵਿਚੋਂ ਨਹੀਂ, ਪਿੰਡਾਂ ਵਿਚੋਂ, ਘਰਾਂ ਵਿਚੋਂ ਤੇ ਸ਼ਹਿਰਾਂ ਵਿਚੋਂ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਖੱਜਲ-ਖੁਆਰ ਕਰਨ ਵਾਲੇ ਸਿਆਸਦਾਨਾਂ ਨੂੰ ਪੰਜਾਬ ਵਾਸੀਆਂ ਨੇ ਸੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨਗੇ। ਨੌਜਵਾਨਾਂ ਨੂੰ ਨਸ਼ਿਆਂ ਵਿਚੋਂ ਬਾਹਰ ਕੱਢ ਕੇ ਰੁਜ਼ਗਾਰ ਦਿੱਤਾ ਜਾਵੇਗਾ। ਕਿਸੇ ਨੂੰ ਵਿਹਲਾ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਨਾ ਹੀ ਲੋਕਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੜ੍ਹਾਈ ਦੇ ਪੱਧਰ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਬਲਕਿ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਲਗਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ ਖਟਕੜ ਕਲਾਂ ਵਿਖੇ ਸਹੁੰ ਚੁੱਕੇਗੀ। ਜਲੰਧਰ ਵਿਚ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ। ਇਹ ਵੀ ਪੜ੍ਹੋ : Election Result 2022 Live Updates: ਉਤਰਾਖੰਡ ਤੇ ਮਨੀਪੁਰ 'ਚ ਭਾਜਪਾ ਬਰਕਰਾਰ, ਗੋਆ 'ਚ ਵੀ ਬੀਜੇਪੀ ਦੀ ਉਮੀਦ