ਸੁਨਿਆਰੇ ਅਤੇ ਮੈਡੀਕਲ ਸਟੋਰ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ
ਮੁਹਾਲੀ: ਮੋਹਾਲੀ ਪੁਲਿਸ ਨੇ ਸੋਹਾਣਾ ਵਿੱਚ ਇੱਕ ਮੈਡੀਕਲ ਸਟੋਰ ਦੇ ਸੰਚਾਲਕ ਤੋਂ ਬੰਦੂਕ ਦੀ ਨੋਕ 'ਤੇ 40 ਲੱਖ ਰੁਪਏ ਖੋਹਣ ਅਤੇ ਲਾਂਡਰਾ ਵਿੱਚ ਇੱਕ ਜਿਊਲਰ ਨੂੰ ਲੁੱਟਣ ਦੇ ਮਾਮਲੇ ਵਿੱਚ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਬੰਦੂਕ ਦੀ ਨੋਕ ’ਤੇ ਖੋਹਣ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਪੁਲੀਸ ਨੇ ਹਰਦੀਪ ਸਿੰਘ ਗਰੇਵਾਲ (34) ਵਾਸੀ ਸੰਗਰੂਰ, ਨੂਰਜੀਤ ਸਿੰਘ ਉਰਫ਼ ਨੂਰ (22) ਬਠਿੰਡਾ ਅਤੇ ਜਗਜੀਤ ਸਿੰਘ ਉਰਫ਼ ਹੈਪੀ (22) ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 380 ਗ੍ਰਾਮ ਸੋਨਾ, 4.5 ਕਿਲੋ ਚਾਂਦੀ, 1 ਲੱਖ ਰੁਪਏ ਦੀ ਨਕਦੀ, .32 ਬੋਰ ਦਾ ਰਿਵਾਲਵਰ, 5 ਕਾਰਤੂਸ, ਦੋ ਚਿੱਟੇ ਰੰਗ ਦੀਆਂ ਕਾਰਾਂ ਬਰਾਮਦ ਕੀਤੀਆਂ ਹਨ। ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਮਨੋਹਰ ਮੈਡੀਕਲ ਸਟੋਰ ਵਿਖੇ ਵਾਪਰੀ ਇਸ ਘਟਨਾ ਸਬੰਧੀ 25 ਮਈ ਨੂੰ ਸੋਹਾਣਾ ਥਾਣੇ ਵਿੱਚ ਸਨੈਚਿੰਗ, ਡਰਾਉਣ ਧਮਕਾਉਣ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 11 ਜੂਨ ਨੂੰ ਲਾਂਡਰਾ ਦੇ ਮੇਨ ਬਾਜ਼ਾਰ 'ਚ ਗੰਨ ਪੁਆਇੰਟ 'ਤੇ ਸੋਨੇ-ਚਾਂਦੀ ਨਾਲ ਭਰਿਆ ਬੈਗ ਲੁੱਟ ਲਿਆ ਗਿਆ। ਜੌਹਰੀ ਪ੍ਰਵੀਨ ਕੁਮਾਰ ਦੀ ਸ਼ਿਕਾਇਤ ’ਤੇ ਸਨੈਚਿੰਗ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਹਾਲੀ ਪੁਲਿਸ ਦੀਆਂ ਟੀਮਾਂ ਕੇਸਾਂ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਸੀਆਈਏ ਸਟਾਫ ਦੀ ਵੀ ਮਦਦ ਲਈ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਸੋਹਾਣਾ ਥਾਣੇ ਵਿੱਚ ਦਰਜ ਹੋ ਕੇ ਅਪਰਾਧਿਕ ਮਾਮਲਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। -PTC News