ਜੀਓਜੀ ਵੱਲੋਂ ਕੈਬਨਿਟ ਮੰਤਰੀ ਧਾਲੀਵਾਲ ਦੀ ਆਮਦ 'ਤੇ ਰੋਸ ਮੁਜ਼ਾਹਰਾ
ਗੁਰਦਾਸਪੁਰ : ਜ਼ਿਲ੍ਹੇ ਦੇ ਕਸਬਾ ਧਾਰੀਵਾਲ ਦੀ ਦਾਣਾ ਮੰਡੀ ਵਿਚ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਮਾਗਮ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੀ ਆਮਦ ਦੀ ਭਿਣਕ ਲੱਗਦੇ ਹੋਏ ਹੀ (ਖੁਸ਼ਹਾਲੀ ਦੇ ਰਾਖੇ) ਜੀਓਜੀ (ਗਾਰਡੀਅਨਜ਼ ਆਫ ਗਵਰਨੈਂਸ) ਨੇ ਸਮਾਗਮ ਸਥਾਨ 'ਤੇ ਪਹੁੰਚ ਕੇ ਕਾਲੀਆ ਝੰਡੀਆ ਹੱਥਾਂ 'ਚ ਫੜ ਕੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ। ਪੰਜਾਬ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਪੁਲਿਸ ਪ੍ਰਸ਼ਾਸਨ ਨੇ ਮੌਕੇ ਉਤੇ ਪਹੁੰਚ ਮਾਮਲੇ ਨੂੰ ਸ਼ਾਂਤ ਕੀਤਾ।
ਪ੍ਰਦਰਸ਼ਨਕਾਰੀ ਜੀਓਜੀ ਜਗਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਨੋਟਿਸ ਦਿੱਤੇ 09 ਸਤੰਬਰ 2022 ਨੂੰ ਜੀਓਜੀ, ਸਕੀਮ (ਖੁਸ਼ਹਾਲੀ ਦੇ ਰਾਖੇ) ਨੂੰ ਬਰਖਾਸਤ ਕਰ ਦਿੱਤਾ ਗਿਆ। ਇਸ ਕਾਰਨ ਸਮੂਹ ਸੈਨਿਕਾਂ ਦੇ ਸਵੈਮਾਨ ਨੂੰ ਇਹ ਕਹਿ ਕੇ ਠੇਸ ਪਹੁੰਚਾਈ ਗਈ ਹੈ ਕਿ ਜਿਸ ਮਕਸਦ ਲਈ ਇਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ, ਉਸ ਮੰਤਵ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਇਹ ਸਕੀਮ (ਜੀ. ਓ. ਜੀ.) ਅਸਫਲ ਰਹੀ ਹੈ ਅਤੇ ਪਿਛਲੇ ਚਾਰ ਸਾਲਾਂ 'ਚ ਇਨ੍ਹਾਂ ਦਾ ਕੋਈ ਯੋਗਦਾਨ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕੰਮ ਜੀਓਜੀ ਨੂੰ ਦਿੱਤਾ ਗਿਆ ਸੀ, ਜ਼ਮੀਨੀ ਹਕੀਕਤ ਨੂੰ ਸਰਕਾਰ ਦੇ ਧਿਆਨ 'ਚ ਲਿਆਉਣਾ ਸੀ।
ਇਹ ਵੀ ਪੜ੍ਹੋ : ਇਨ੍ਹਾਂ 13 ਸ਼ਹਿਰਾਂ ਤੋਂ ਸ਼ੁਰੂ ਹੋਵੇਗੀ 5G ਸੇਵਾ, ਚੰਡੀਗੜ੍ਹ ਵਾਸੀ 5G ਸੇਵਾਵਾਂ ਦਾ ਚੁੱਕਣਗੇ ਲਾਭ
ਅਸਲ 'ਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਪਰਿਵਾਰਾਂ ਲਈ ਜੋ ਸਕੀਮਾਂ ਉਨ੍ਹਾਂ ਦਾ ਜੀਵਨ ਪੱਧਰ ਉਪਰ ਉਠਾਉਣ ਲਈ ਸਹਾਇਤਾ ਵਜੋਂ ਚਲਾਈਆਂ ਜਾ ਰਹੀਆਂ ਸਨ, ਉਨ੍ਹਾਂ ਦੀ ਸਮੀਖਿਆ ਕਰਨਾ ਸੀ ਤੇ ਕੀ ਇਹ ਸਕੀਮਾਂ ਠੀਕ ਲਾਭਪਾਤਰੀਆਂ ਤੱਕ ਪਹੁੰਚ ਰਹੀਆਂ ਹਨ।
ਬਾਰੇ ਸਰਕਾਰ ਨੂੰ ਰਿਪੋਰਟ ਕਰਨਾ ਸੀ ਇਹ ਕੰਮ ਜੀਓਜੀ ਨੇ ਬਾਖੂਬੀ ਨਾਲ ਨਿਭਾਇਆ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਰਿਹਾ ਹੈ। ਉਨ੍ਹਾਂ ਨੇ ਉਨ੍ਹਾਂ ਨੇ ਕਈ ਮੰਗ ਪੱਤਰ ਸੌਂਪੇ ਕਿ ਕਾਰਨ ਦੱਸਿਆ ਜਾਵੇ ਪਰ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਕਾਰਨ ਮਜਬੂਰਨ ਸਰਕਾਰ ਖਿਲਾਫ਼ ਸੜਕਾਂ ਉਤੇ ਉਤਰਨਾ ਪੈ ਰਿਹਾ ਹੈ ਜਦੋਂ ਤੱਕ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ ਉਦੋਂ ਤੱਕ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ।
-PTC News