ਗੋਆ ਪੁਲਿਸ ਦਾ ਸਨਸਨੀਖ਼ੇਜ਼ ਖ਼ੁਲਾਸਾ, ਸੋਨਾਲੀ ਫੋਗਾਟ ਨੂੰ ਜਬਰੀ ਦਿੱਤਾ ਗਿਆ 'ਸਿੰਥੈਟਿਕ ਡਰੱਗ'
Sonali Phogat Murder Case: ਭਾਜਪਾ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਦੇ ਕਤਲ ਮਾਮਲੇ 'ਚ ਗੋਆ ਪੁਲਿਸ ਨੇ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਨੇ ਕਥਿਤ ਕਤਲ ਦੇ ਸਿਲਸਿਲੇ ਵਿੱਚ ਉਸ ਦੇ ਦੋ ਸਾਥੀਆਂ ਤੋਂ ਰਾਤ ਭਰ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੋਨਾਲੀ ਫੋਗਾਟ ਨੂੰ ਸਿੰਥੈਟਿਕ ਡਰੱਗ ਦਿੱਤੀ ਗਈ ਸੀ। ਗੋਆ ਪੁਲਿਸ ਨੇ ਦੱਸਿਆ ਕਿ ਸੋਨਾਲੀ ਨੂੰ ਜਬਰੀ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਸੀ। ਸੋਨਾਲੀ ਦੇ ਪੀ.ਏ. ਸੁਧੀਰ ਸਾਂਗਵਾਨ ਅਤੇ ਦੋਸਤ ਸੁਖਵਿੰਦਰ ਨੇ ਪੁੱਛਗਿੱਛ ਦੌਰਾਨ ਸੋਨਾਲੀ ਨੂੰ ਜ਼ਬਰਦਸਤੀ ਸਿੰਥੈਟਿਕ ਡਰੱਗ ਦੇਣ ਦੀ ਗੱਲ ਕਬੂਲੀ ਹੈ। ਪੁਲਿਸ ਨੇ ਦੱਸਿਆ ਕਿ ਸੁਧੀਰ, ਸੁਖਵਿੰਦਰ ਅਤੇ ਸੋਨਾਲੀ ਜਿੱਥੇ ਵੀ ਗਏ ਸਨ, ਉਨ੍ਹਾਂ ਵੱਲੋਂ ਹਰ ਥਾਂ 'ਤੇ ਜਾ ਕੇ ਛਾਪੇਮਾਰੀ ਕੀਤੀ ਗਈ। ਸੀਸੀਟੀਵੀ ਫੁਟੇਜ ਨੂੰ ਖੰਘਾਲਿਆ ਗਿਆ ਅਤੇ ਜਦੋਂ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਪਹਿਲਾਂ ਤਾਂ ਕੁੱਝ ਨਹੀਂ ਦੱਸਿਆ ਪਰ ਜਦੋਂ ਪੁਲਿਸ ਨੇ ਮੁਲਜ਼ਮਾਂ ਨੂੰ ਵੀਡੀਓ ਦਿਖਾਈ ਤਾਂ ਉਨ੍ਹਾਂ ਸਚਾਈ ਕਬੂਲੀ ਤੇ ਮੰਨਿਆ ਕਿ ਉਨ੍ਹਾਂ ਹੀ ਸੋਨਾਲੀ ਫੋਗਾਟ ਨੂੰ ਜਬਰੀ ਜ਼ਹਿਰੀਲਾ ਪਦਾਰਥ ਦਿੱਤੇ ਸਨ। ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਹੈ ਕਿ ਕਈ ਲੋਕ ਪਾਰਟੀ ਕਰ ਰਹੇ ਹਨ। ਸੁਧੀਰ ਅਤੇ ਸੁਖਵਿੰਦਰ ਸੋਨਾਲੀ ਨੂੰ ਜ਼ਬਰਦਸਤੀ ਤਰਲ ਪਦਾਰਥ ਵਿੱਚ ਕੁੱਝ ਮਿਲਾ ਕੇ ਪੀਣ ਲਈ ਮਜਬੂਰ ਕਰ ਰਹੇ ਹਨ। ਇਸ ਤੋਂ ਬਾਅਦ ਸੋਨਾਲੀ ਆਪਣੀ ਸੁੱਧ ਬੁੱਧ ਗੁਆ ਬੈਠਦੀ, ਮੁੜ ਉਸਨੂੰ ਜਬਰਨ ਉਹੀ ਤਰਲ ਪਦਾਰਥ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਤੇ ਮੁਲਜ਼ਮ ਉਸਨੂੰ ਆਪਣੇ ਨਾਲ ਟੈਕਸੀ 'ਚ ਬਿਠਾ ਚਲਦੇ ਬਣੇ। ਪੁਲਿਸ ਨੇ ਦੱਸਿਆ ਕਿ ਸੋਨਾਲੀ, ਸੁਖਵਿੰਦਰ ਅਤੇ ਸੁਧੀਰ ਨੂੰ ਆਪਣੇ ਨਾਲ ਲੈ ਕੇ ਜਾਣ ਵਾਲੇ ਟੈਕਸੀ ਡਰਾਈਵਰ ਦੀ ਭਾਲ ਜਾਰੀ ਹੈ। ਡਰਾਈਵਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਘਟਨਾ ਦੀ ਹੋਰ ਕੜੀਆਂ ਨੂੰ ਜੋੜਿਆ ਜਾਵੇਗਾ। ਉਦੋਂ ਤੱਕ ਸੁਖਵਿੰਦਰ ਅਤੇ ਸੁਧੀਰ ਕੋਲੋਂ ਪੁੱਛ-ਪੜਤਾਲ ਜਾਰੀ ਰਹੇਗੀ। -PTC News