ਗੋ-ਫਸਟ ਦੇ ਜਹਾਜ਼ ਦੀ ਵਿੰਡਸ਼ੀਲਡ ਤਿੜਕੀ, ਉਡਾਣ ਜੈਪੁਰ ਵੱਲ ਮੋੜੀ
ਨਵੀਂ ਦਿੱਲੀ : ਗੋ ਫਸਟ ਦੇ ਇਕ ਜਹਾਜ਼ ਦੀ ਵਿੰਡਸ਼ੀਲਡ ਤਿੜਕਣ ਕਾਰਨ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਹੈ। ਡੀਜੀਸੀਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋ-ਫਸਟ ਦੀ ਦਿੱਲੀ-ਗੁਹਾਟੀ ਉਡਾਣ ਦੀ ਵਿੰਡਸ਼ੀਲਡ ਹਵਾ ਵਿੱਚ ਤਿੜਕ ਗਈ, ਜਿਸ ਤੋਂ ਬਾਅਦ ਗੋ ਫਸਟ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੇ ਅਧਿਕਾਰੀਆਂ ਮੁਤਾਬਕ ਗੋ ਏਅਰ ਦੀ ਉਡਾਣ ਜੀ8-151 ਦੀ ਵਿੰਡਸ਼ੀਲਡ ਤਿੜਕ ਗਈ ਹੈ। ਉਡਾਣ ਨੇ ਦੁਪਹਿਰ 12:40 ਉਤੇ ਦਿੱਲੀ ਤੋਂ ਉਡਾਣ ਭਰੀ ਪਰ ਕੁਝ ਸਮੇਂ ਬਾਅਦ ਪਾਇਲਟਾਂ ਨੂੰ ਖਰਾਬੀ ਦਾ ਪਤਾ ਲੱਗਾ ਅਤੇ ਫਲਾਈਟ ਨੂੰ ਵਾਪਸ ਦਿੱਲੀ ਲਿਜਾਇਆ ਗਿਆ ਪਰ ਦਿੱਲੀ 'ਚ ਮੌਸਮ ਖਰਾਬ ਹੋਣ ਕਾਰਨ ਲੈਂਡ ਨਹੀਂ ਹੋ ਸਕਿਆ ਅਤੇ ਫਿਰ ਜਹਾਜ਼ ਨੂੰ ਜੈਪੁਰ ਲਿਜਾਇਆ ਗਿਆ। ਜਿਥੇ ਉਡਾਨ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੋ ਫਸਟ ਦੀਆਂ ਮੁੰਬਈ-ਲੇਹ ਅਤੇ ਸ਼੍ਰੀਨਗਰ-ਦਿੱਲੀ ਦੀਆਂ ਦੋਵੇਂ ਉਡਾਣਾਂ ਇੰਜਣ ਫੇਲ੍ਹ ਹੋਣ ਕਾਰਨ ਬੰਦ ਕਰ ਦਿੱਤੀਆਂ ਗਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਡੀਜੀਸੀਏ ਦੋਵਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਗੋ ਫਸਟ ਦੀ ਮੁੰਬਈ-ਲੇਹ ਅਤੇ ਸ੍ਰੀਨਗਰ-ਦਿੱਲੀ ਉਡਾਣਾਂ ਦੇ ਇੰਜਣ ਖ਼ਰਾਬ ਹੋਣ ਕਾਰਨ ਦੋਵਾਂ ਉਡਾਣਾਂ ਨੂੰ ਰੋਕ ਦਿੱਤਾ ਸੀ। ਡੀਜੀਸੀਏ ਦੋਵਾਂ ਘਟਨਾਵਾਂ ਦੀ ਜਾਂਚ ਕਰ ਰਿਹਾ ਹੈ ਅਤੇ ਰੈਗੂਲੇਟਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਦੋਵੇਂ ਜਹਾਜ਼ ਉਡਾਣ ਭਰ ਸਕਣਗੇ। ਅਧਿਕਾਰੀ ਨੇ ਦੱਸਿਆ ਸੀ ਕਿ ਇੰਜਣ ਨੰਬਰ ਦੋ 'ਚ ਖਰਾਬੀ ਆਉਣ ਤੋਂ ਬਾਅਦ ਗੋ ਫਸਟ ਦੀ ਮੁੰਬਈ-ਲੇਹ ਫਲਾਈਟ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ ਸੀ। ਇਸੇ ਤਰ੍ਹਾਂ ਕੰਪਨੀ ਦੀ ਸ੍ਰੀਨਗਰ-ਦਿੱਲੀ ਉਡਾਣ ਦੇ ਇੰਜਣ ਨੰਬਰ ਦੋ ਨੂੰ ਖ਼ਰਾਬੀ ਦਾ ਪਤਾ ਲੱਗਣ ਤੋਂ ਬਾਅਦ ਸ੍ਰੀਨਗਰ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਹ ਵੀ ਪੜ੍ਹੋ : ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਮਗਰੋਂ ਪਰੇਸ਼ਾਨ ਹੋਏ ਕਾਰੋਬਾਰੀ ਨੇ ਦਿੱਤੀ ਜਾਨ