ਜਿੰਪਾ ਤੇ ਜੌੜੇਮਾਜਰਾ ਨੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਨੀਤੀ ਤਹਿਤ ਕੈਬਨਿਟ ਮੰਤਰੀਆਂ ਬ੍ਰਹਮ ਸ਼ੰਕਰ ਜਿੰਪਾ ਅਤੇ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ 205 ਨਰਸਾਂ ਅਤੇ 20 ਪੈਰਾ ਮੈਡੀਕਲ ਟੈਕਨੀਸ਼ੀਅਨਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 46 ਉਪ ਮੰਡਲ ਇੰਜੀਨੀਅਰ (ਐਸ.ਡੀ.ਈਜ਼) ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਵਾਂ ਮੰਤਰੀਆਂ ਨੇ ਕਿਹਾ ਕਿ ਸੂਬੇ ਦੀਆਂ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਸਾਰੇ ਯੋਗ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਸਾਰੇ ਨਵ-ਨਿਯੁਕਤ ਉਮੀਦਵਾਰਾਂ ਲਈ ਮਹੱਤਵਪੂਰਨ ਦਿਨ ਹੈ ਜਿਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਅਹਿਮ ਮੌਕਾ ਮਿਲਿਆ ਹੈ। ਜਿੰਪਾ ਅਤੇ ਜੌੜੇਮਾਜਰਾ ਦੋਵਾਂ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਤਹਿਤ ਪਹਿਲਾਂ ਹੀ 25,000 ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਉਣ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਤਾਂ ਜੋ ਯੋਗ ਨੌਜਵਾਨਾਂ ਨੂੰ ਇਹ ਨੌਕਰੀਆਂ ਮਿਲ ਸਕਣ। ਜਿੰਪਾ ਅਤੇ ਜੌੜੇਮਾਜਰਾ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਪੇਸ਼ੇਵਰਾਨਾ ਢੰਗ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ 205 ਨਰਸਾਂ ਅਤੇ 20 ਪੈਰਾ ਮੈਡੀਕਲ ਟੈਕਨੀਸ਼ੀਅਨਾਂ ਦੇ ਭਰਤੀ ਹੋਣ ਨਾਲ ਸੂਬੇ ਦੇ ਮੈਡੀਕਲ ਕਾਲਜਾਂ ਵਿੱਚ ਸਟਾਫ਼ ਦੀ ਕਮੀ ਨੂੰ ਪੂਰਿਆ ਜਾ ਸਕੇਗਾ। ਇਹ ਵੀ ਪੜ੍ਹੋ: Monsoon Session 2022: ਮਹਿੰਗਾਈ ਨੂੰ ਲੈ ਕੇ ਸੰਸਦ 'ਚ ਵਿਰੋਧੀ ਧਿਰ ਦਾ ਜ਼ਬਰਦਸਤ ਪ੍ਰਦਰਸ਼ਨ, ਰਾਹੁਲ ਗਾਂਧੀ ਵੀ ਹੋਏ ਸ਼ਾਮਿਲ ਮੰਤਰੀਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਉਪਰੰਤ ਮੌਜੂਦਾ ਸਰਕਾਰ ਨੇ 650 ਨਰਸਾਂ ਅਤੇ 60 ਪੈਰਾ ਮੈਡੀਕਲ ਟੈਕਨੀਸ਼ੀਅਨ ਦੀ ਭਰਤੀ ਕੀਤੀ ਹੈ ਅਤੇ ਵੱਡੀ ਗਿਣਤੀ ਵਿੱਚ ਡਾਕਟਰਾਂ ਅਤੇ ਪੈਰਾ ਮੈਡੀਕਲ ਟੈਕਨੀਸ਼ੀਅਨਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ। ਜਿੰਪਾ ਅਤੇ ਜੌੜੇਮਾਜਰਾ ਨੇ ਅੱਗੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 46 ਉਪ ਮੰਡਲ ਇੰਜੀਨੀਅਰਾਂ (ਐਸ.ਡੀ.ਈਜ਼.) ਦੀ ਭਰਤੀ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਵੀ ਸਹਾਈ ਹੋਵੇਗੀ। -PTC News