ਗ਼ਰੀਬੀ ਤੋਂ ਤੰਗ ਮਾੜੇ ਹਾਲਾਤ ਵੇਖ ਭੁੱਬਾਂ ਮਾਰ ਰੋਇਆ ਗੁਰਦੁਆਰੇ ਦਾ ਗ਼ਾਜ਼ੀ ਸਿੰਘ
ਬਲਜੀਤ ਸਿੰਘ, (ਤਰਨਤਾਰਨ, 25 ਜੁਲਾਈ): ਗ਼ਰੀਬੀ ਕਾਰਨ ਘਰ ਦੇ ਬਣੇ ਮਾੜੇ ਹਾਲਾਤ ਵੇਖ ਕੇ ਕੈਮਰੇ ਸਾਹਮਣੇ ਭੁੱਬਾਂ ਮਾਰ ਮਾਰ ਰੋ ਰਹੇ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਨਜ਼ਦੀਕ ਪੈਂਦੇ ਪਿੰਡ ਠੱਠਾ ਦੇ ਗੁਰਦੁਆਰੇ ਦੇ ਗ਼ਾਜ਼ੀ ਸਿੰਘ, ਸਕੱਤਰ ਸਿੰਘ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਉਸ ਦਾ ਸਾਰਾ ਹੀ ਘਰ ਢਹਿ ਢੇਰੀ ਹੋ ਚੁੱਕਾ ਹੈ ਅਤੇ ਉੱਤੋਂ ਹੋ ਰਹੀਆਂ ਬਾਰਸ਼ਾਂ ਨੇ ਉਨ੍ਹਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਅਤੇ ਇਸ ਬਾਰਸ਼ ਦੇ ਕਾਰਨ ਉਨ੍ਹਾਂ ਦੇ ਸਾਰੇ ਕੱਪੜੇ ਲੀੜੇ ਬੱਚਿਆ ਦੇ ਪਾਉਣ ਵਾਲੇ ਕੱਪੜੇ ਤੱਕ ਖ਼ਰਾਬ ਹੋ ਚੁੱਕੇ ਹਨ। ਗ਼ਾਜ਼ੀ ਸਿੰਘ ਨੇ ਦੱਸਿਆ ਕਿ ਉਹ ਹੁਣ ਆਪਣਾ ਸਾਰਾ ਪਰਿਵਾਰ ਲੈ ਕੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਰਹਿ ਰਿਹਾ ਹੈ ਅਤੇ ਗੁਰਦੁਆਰੇ ਦੀ ਕਮੇਟੀ ਨੇ ਤਰਸ ਦੇ ਆਧਾਰ 'ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਦੋ ਵਕਤ ਦੀ ਚਾਹ ਅਤੇ ਦੋ ਵਕਤ ਦੀ ਰੋਟੀ ਦੇ ਰਹੇ ਹਨ। ਗ਼ਾਜ਼ੀ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਲੈ ਕੇ ਹੀ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਰਿਹਾ ਹੈ ਅਤੇ ਉਹ ਸਾਰੇ ਪਿੰਡ ਵਿੱਚੋਂ ਗਜਾ ਕਰਕੇ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਆਉਂਦਾ ਹੈ। ਗ਼ਾਜ਼ੀ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਦੋ ਟਾਈਮ ਗੁਰਦੁਆਰਾ ਸਾਹਿਬ ਦੀ ਸੇਵਾ ਕਰਦਾ ਹੈ ਅਤੇ ਇੱਕ ਟਾਈਮ ਆਪਣੇ ਪਰਿਵਾਰ ਦੀ ਸੇਵਾ ਕਰਦਾ ਹੈ ਪਰ ਕੁਦਰਤ ਨੂੰ ਉਹ ਵੀ ਮਨਜ਼ੂਰ ਨਹੀਂ ਸੀ। ਉਸ ਨੇ ਆਪਣਾ ਕਹਿਰ ਵਿਖਾਉਂਦੇ ਹੋਏ ਇਨ੍ਹਾਂ ਬਾਰਸ਼ਾਂ ਵਿਚ ਉਹਦਾ ਸਾਰਾ ਘਰ ਢਹਿ ਢੇਰੀ ਕਰ ਦਿੱਤਾ। ਗ਼ਾਜ਼ੀ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਹੋ ਚੁੱਕੇ ਹਨ ਕਿ ਘਰ ਨੂੰ ਨਾ ਤਾਂ ਕੋਈ ਲੰਘਣ ਵਾਲਾ ਰਸਤਾ ਬਚਿਆ ਹੈ ਅਤੇ ਨਾ ਹੀ ਘਰ ਵਿੱਚ ਕੋਈ ਪੱਕੀ ਜਗ੍ਹਾ ਹੈ। ਉਸ ਨੇ ਦੱਸਿਆ ਕਿ ਜੇ ਉਹ ਆਪਣੇ ਘਰ ਨੂੰ ਜਾਂਦੇ ਹਨ ਤਾਂ ਨੰਗੇ ਪੈਰੀਂ ਚਿੱਕੜ ਵਿੱਚੋਂ ਹੁੰਦੇ ਹੋਏ ਜਾਂਦੇ ਹਨ, ਉਨ੍ਹਾਂ ਕਿਹਾ ਕਿ ਇੰਨੀ ਜ਼ਿਆਦਾ ਘਾਹ ਬੂਟੀ ਉਨ੍ਹਾਂ ਦੇ ਘਰ ਦੇ ਆਲੇ ਦੁਆਲੇ ਹੋ ਚੁੱਕੀ ਹੈ ਕਿ ਕਿਸੇ ਵੇਲੇ ਵੀ ਕੋਈ ਜ਼ਹਿਰੀਲੀ ਚੀਜ਼ ਉਸ ਦੇ ਬੱਚਿਆਂ ਨੂੰ ਅਤੇ ਉਸ ਨੂੰ ਲੜ ਸਕਦੀ ਹੈ ਪਰ ਮਜਬੂਰ ਹੋ ਕੇ ਉਨ੍ਹਾਂ ਨੂੰ ਇਹ ਸਭ ਕੁੱਝ ਕਰਨਾ ਪੈ ਰਿਹਾ ਹੈ। ਗ਼ਾਜ਼ੀ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਘਰ ਅਤੇ ਨਾਲ ਲੱਗਦੇ ਥਾਂ ਵਿਚ ਇੰਨਾ ਜ਼ਿਆਦਾ ਛੱਪੜ ਦਾ ਪਾਣੀ ਖਲੋਤਾ ਹੋਇਆ ਹੈ ਕਿ ਉਸ ਵੱਲ ਵੇਖ ਕੇ ਉਸ ਦੀਆਂ ਧਾਹਾਂ ਨਿਕਲ ਜਾਂਦੀਆਂ ਹਨ ਕਿ ਉਹ ਆਪਣੇ ਪਰਿਵਾਰ ਨੂੰ ਲੈ ਕੇ ਕਿੱਥੇ ਜਾਵੇ ਉਸ ਨੇ ਕਿਹਾ ਕਿ ਪਿੰਡ ਵਿਚ ਉਸਨੇ ਕਈ ਵਾਰ ਮੋਹਤਬਾਰਾਂ ਨੂੰ ਉਸ ਦਾ ਕੋਠਾ ਪਾ ਕੇ ਦੇਣ ਲਈ ਕਿਹਾ ਪਰ ਗ਼ਰੀਬ ਦੀ ਕੋਈ ਵੀ ਨਹੀਂ ਸੁਣਦਾ। ਗ਼ਾਜ਼ੀ ਸਿੰਘ ਦੀ ਲੜਕੀ ਮਹਿਕਪ੍ਰੀਤ ਕੌਰ ਅਤੇ ਉਸਦੇ ਲੜਕੇ ਜਗਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹਨ। ਉਨ੍ਹਾਂ ਦੱਸਿਆ ਕਿ ਇਕ ਸਾਲ ਦਾ ਨਰਕ ਦੇ ਵਿੱਚ ਹੀ ਆਪਣਾ ਗੁਜ਼ਾਰਾ ਕਰ ਰਹੇ ਹਨ ਕਿਉਂਕਿ ਬਾਰਸ਼ ਕਾਰਨ ਨਾ ਉਨ੍ਹਾਂ ਦੇ ਘਰ ਵਿਚ ਕੋਈ ਲੀੜਾ ਕੱਪੜਾ ਬਚਿਆ ਅਤੇ ਨਾ ਹੀ ਕੋਈ ਮੱਝਾਂ, ਸਭ ਕੁੱਝ ਖ਼ਰਾਬ ਹੋ ਚੁੱਕਾ ਹੈ। ਬੱਚਿਆਂ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿੱਚ ਰਹਿ ਕੇ ਆਪਣਾ ਟਾਈਮ ਪਾਸ ਕਰ ਰਹੇ ਹਨ, ਬੱਚਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਕੱਪੜੇ ਪਾਉਣ ਜੋਗੇ ਤਕ ਨਹੀਂ ਹੈਗੇ। ਪਰ ਫਿਰ ਵੀ ਉਹ ਉਸ ਗੁਰੂ ਦੀ ਰਜ਼ਾ ਵਿਚ ਬੈਠੇ ਹੋਏ ਹਨ ਕਿ ਕਦੇ ਤਾਂ ਗੁਰੂ ਮਹਾਰਾਜ ਉਨ੍ਹਾਂ ਵੱਲ ਧਿਆਨ ਕਰਨਗੇ ਤੇ ਕੋਈ ਉਨ੍ਹਾਂ ਦੀ ਆਣ ਕੇ ਮੱਦਦ ਕਰੇਗਾ। ਪੀੜਤ ਗ਼ਾਜ਼ੀ ਸਿੰਘ ਦੇ ਪਰਿਵਾਰ ਨੇ ਅਤੇ ਗ਼ਾਜ਼ੀ ਸਿੰਘ ਨੇ ਸਮਾਜ ਸੇਵੀਆਂ ਅਤੇ ਧਾਰਮਿਕ ਜਥੇਬੰਦੀਆਂ ਤੋਂ ਅਪੀਲ ਕੀਤੀ ਹੈ ਕਿ ਉਸ ਦਾ ਇੱਕ ਕੋਠਾ ਹੀ ਪਾ ਕੇ ਦੇ ਦਿੱਤਾ ਜਾਵੇ ਜਿਸ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ ਅਤੇ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਸਕੇ। ਜੇ ਕੋਈ ਦਾਨੀ ਸੱਜਣ ਇਸ ਗੁਰੂ ਦੇ ਸਿੰਘ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਈਲ ਨੰਬਰ ਅਤੇ ਬੈਂਕ ਅਕਾਊਟ ਥੱਲੇ ਦਿੱਤਾ ਹੋਇਆ ਹੈ। ਮੋਬਾਈਲ ਨੰਬਰ - 7707959410 Punjab National Bank Name - Sakatar Singh (ਗ਼ਾਜ਼ੀ ਸਿੰਘ) Account No - 0672001700080858 IFSC Code - PUNB0067200 -PTC News