ਮਨਕੀਰਤ ਔਲਖ ਨੂੰ ਧਮਕੀ ਦੇਣ ਦੇ ਮਾਮਲੇ 'ਚ ਗੈਂਗਸਟਰ ਯੋਧਾ ਗ੍ਰਿਫ਼ਤਾਰ
ਮੁਹਾਲੀ : ਬੀਤੇ ਦਿਨੀਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਹੱਤਿਆ ਮਗਰੋਂ ਪੁਲਿਸ ਵੱਖ-ਵੱਖ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਸੀ ਤਾਂ ਇਸ ਦੌਰਾਨ ਇਕ ਗਿਰੋਹ ਦੇ ਗੁਰਗੇ ਨੇ ਕਬੂਲ ਕੀਤਾ ਸੀ ਕਿ ਉਨ੍ਹਾਂ ਦੇ ਨਿਸ਼ਾਨੇ ਉਤੇ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਸਿੰਘ ਔਲਖ ਹੈ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਮੁਹਾਲੀ ਪੁਲਿਸ ਨੇ ਗੈਂਗਸਟਰ ਲੱਕੀ ਪਟਿਆਲ ਦੇ ਗੁਰਗਾ ਯੋਧਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਸਟਰ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਨੂੰ ਇਸ ਮਾਮਲੇ ਵਿੱਚ ਅਜੇ ਹੋਰ ਖ਼ੁਲਾਸੇ ਹੋਣ ਦਾ ਖ਼ਦਸ਼ਾ ਹੈ। ਪੁਲਿਸ ਇਸ ਮਾਮਲੇ ਵਿੱਚ ਸੰਜੀਦਗੀ ਨਾਲ ਜਾਂਚ ਕਰ ਰਹੀ ਹੈ। ਐਸਐਸਪੀ ਮੁਹਾਲੀ ਨੇ ਦੱਸਿਆ ਕਿ ਪੁਲਿਸ ਨੇ ਗੈਂਗਸਟਰ ਲੱਕੀ ਪਟਿਆਲ ਦੇ ਗੁਰਗੇ ਯੋਧੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਨਾਜਾਇਜ਼ ਹਥਿਆਰ ਤੇ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਗੈਂਗਸਟਰਾਂ ਦੇ ਨਿਸ਼ਾਨੇ ਉਤੇ ਕਈ ਪੰਜਾਬੀ ਗਾਇਕ ਹਨ। ਗੈਂਗਸਟਰਾਂ ਵੱਲੋਂ ਪੰਜਾਬੀ ਗਾਇਕਾਂ ਦੀ ਰੇਕੀ ਕਰਵਾਈ ਜਾ ਰਹੀ ਹੈ। ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕੀਆਂ ਮਿਲੀਆਂ ਸਨ। ਔਲਖ ਸਣੇ ਤਿੰਨ ਤੋਂ ਚਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ ਉਤੇ ਹਨ। ਸੂਤਰਾਂ ਅਨੁਸਾਰ ਪੁਲਿਸ ਜਲਦ ਹੀ ਇਸ ਮਾਮਲੇ ਵਿੱਚ ਹੋਰ ਖ਼ੁਲਾਸੇ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰਾਂ ਵੱਲੋਂ ਪੰਜਾਬੀ ਗਾਇਕਾਂ ਨੂੰ ਧਮਕੀਆਂ ਦੇਣ ਦੀਆਂ ਵਾਰਦਾਤਾਂ ਪਹਿਲਾਂ ਵੀ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਗਾਇਕਾਂ ਉਤੇ ਕਈ ਵਾਰ ਹਮਲੇ ਹੋਏ ਹਨ। ਪੰਜਾਬੀ ਗਾਇਕ ਪਰਮੀਸ਼ ਵਰਮਾ ਉਤੇ ਵੀ ਫਾਇਰਿੰਗ ਦੀ ਘਟਨਾ ਵਾਪਰੀ ਸੀ। ਇਸ ਤੋਂ ਇਲਾਵਾ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਕੀਤੀ ਗਈ ਹੱਤਿਆ ਕਾਫੀ ਚਿੰਤਾ ਦਾ ਵਿਸ਼ਾ ਹੈ। ਇਹ ਵੀ ਪੜ੍ਹੋ : ਭੁਪਿੰਦਰ ਸਿੰਘ ਹਨੀ ਨੂੰ ਮੁੜ 6 ਅਪ੍ਰੈਲ ਤੱਕ ਨਿਆਂਇਕ 'ਚ ਭੇਜਿਆ