ਪਟਿਆਲਾ ਜੇਲ੍ਹ 'ਚ ਹਵਾਲਾਤੀ ਬਣੇ ਗੈਂਗਸਟਰ, ਸਹਾਇਕ ਸੁਪਰਡੈਂਟ 'ਤੇ ਹਮਲਾ
ਪਟਿਆਲਾ : ਕੇਂਦਰੀ ਜੇਲ੍ਹ 'ਚ ਹਵਾਲਾਤੀਆਂ ਵਲੋਂ ਸਹਾਇਕ ਸੁਪਰਡੈਂਟ ’ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਇਕ ਹਵਾਲਾਤੀ ਤੋਂ ਡਰਾ ਧਮਕਾ ਕੇ ਪੈਸੇ ਲੈਣ ਸਬੰਧੀ ਸ਼ਿਕਾਇਤ ਮਿਲਣ ’ਤੇ ਜੇਲ੍ਹ ਸਟਾਫ ਜਾਂਚ ਲਈ ਬੈਰਕ ਵਿਚ ਗਏ ਤਾਂ ਹਵਾਲਾਤੀਆਂ ਨੇ ਸਹਾਇਕ ਸੁਪਰਡੈਂਟ ’ਤੇ ਲੋਹੇ ਦੇ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੀ ਪਟਿਆਲਾ ਜੇਲ੍ਹ ਵਿੱਚ ਬੈਠੇ ਹਵਾਲਾਤੀ ਹੁਣ ਗੈਂਗਸਟਰ ਬਣ ਰਹੇ ਹਨ ਤੇ ਆਪਣੇ ਨਾਲ ਜੇਲ੍ਹ ਵਿੱਚ ਬੰਦ ਸਾਥੀਆਂ ਕੋਲੋਂ ਸ਼ਰੇਆਮ ਫਿਰੌਤੀ ਮੰਗ ਰਹੇ ਹਨ ਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਅਧਿਕਾਰੀਆਂ ਉਤੇ ਬੇਖੌਫ ਹਮਲੇ ਕਰ ਰਹੇ ਹਨ। ਫਿਰੌਤੀ ਦੇ ਮਾਮਲੇ ਸਬੰਧੀ ਬੈਰਕ ਵਿੱਚ ਤਲਾਸ਼ੀ ਲੈਣ ਗਏ ਸਹਾਇਕ ਸੁਪਰਡੈਂਟ ਉਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਹਵਾਲਾਤੀ ਅਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਸੁਖਦੀਪ ਸਿੰਘ ਅਤੇ ਜਗਦੀਪ ਸਿੰਘ ਉਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ 307, 353, 186, 332, 506, 148 ਤੇ149 ਦੇ ਤਹਿਤ ਪਟਿਆਲਾ ਦੇ ਤ੍ਰਿਪੜੀ ਥਾਣੇ ਵਿਚ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਵਾਲਾਤੀ ਕਰਮਜੀਤ ਸਿੰਘ ਨੇ ਅਡੀਸ਼ਨਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਕੁਝ ਹੋਰ ਹਵਾਲਾਤੀ ਉਸ ਤੋਂ ਫਿਰੌਤੀ ਮੰਗ ਰਹੇ ਹਨ। ਦਰਖ਼ਾਸਤ ਵਿੱਚ ਕਿਹਾ ਗਿਆ ਹੈ ਕਿ ਹਵਾਲਾਤੀ ਗੁਰਦੀਪ ਸਿੰਘ, ਇਕਬਾਲਪ੍ਰੀਤ ਸਿੰਘ, ਬਲਕਾਰ ਸਿੰਘ, ਜਗਦੀਪ ਸਿੰਘ, ਸੁਖਦੀਪ ਸਿੰਘ, ਰਾਜਵੀਰ ਸਿੰਘ ਅਤੇ ਅਮਨਪ੍ਰੀਤ ਸਿੰਘ ਵੱਲੋਂ ਉਸ ਤੋਂ 85 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਸ਼ਿਕਾਇਤਕਰਤਾ ਨੇ ਡਰ ਕਾਰਨ 15 ਹਜ਼ਾਰ ਇਨ੍ਹਾਂ ਮੁਲਜ਼ਮਾਂ ਨੂੰ ਦੇ ਦਿੱਤੇ ਹਨ। ਇਸ ਦੀ ਪੜਤਾਲ ਕਰਨ ਲਈ ਅਡੀਸ਼ਨਲ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਸਹਾਇਕ ਸੁਪਰਡੈਂਟ ਅਮਰਵੀਰ ਤੇ ਹੋਰ ਮੁਲਾਜ਼ਮਾਂ ਨਾਲ ਬੈਰਕ ਵਿੱਚ ਪੁੱਜੇ। ਹਵਾਲਾਤੀ ਬੈਰਕ ਨੰਬਰ 4 ਵਿੱਚ ਸ਼ੱਕੀ ਹਾਲਾਤ ਵਿੱਚ ਬੈਠੇ ਸਨ। ਹਵਾਲਾਤੀ ਅਧਿਕਾਰੀਆਂ ਨੂੰ ਵੇਖ ਕੇ ਮੌਕੇ ਤੋਂ ਭੱਜਣ ਲੱਗੇ ਤਾਂ ਅਮਰਵੀਰ ਨੇ ਮੁਲਜ਼ਮ ਅਮਨਪ੍ਰੀਤ ਸਿੰਘ ਨੂੰ ਫੜ ਲਿਆ ਤੇ ਤਲਾਸ਼ੀ ਲੈਣ ਲੱਗੇ। ਇਸ ਦੌਰਾਨ ਇਕ ਹਵਾਲਾਤੀ ਨੇ ਸਹਾਇਕ ਸੁਪਰਡੈਂਟ ਉਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇੰਨੇ ਨੂੰ ਹੋਰ ਮੁਲਾਜ਼ਮਾਂ ਨੇ ਹਵਾਲਾਤੀਆਂ ਨੂੰ ਫੜ ਲਿਆ ਤੇ ਅਮਰਵੀਰ ਸਿੰਘ ਨੂੰ ਛੁਡਾ ਲਿਆ। ਮੁਲਜ਼ਮ ਕੋਲੋਂ ਇਕ ਮੋਬਾਈਲ ਫੋਨ ਅਤੇ ਦੋ ਸਿਮ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਕ ਹੋਰ ਸਿਮ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ ਤ੍ਰਿਪੜੀ ਥਾਣੇ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ 384, 323, 506 ਅਤੇ 52 ਏ ਦੇ ਤਹਿਤ ਪਰਚਾ ਵੱਖਰੇ ਤੌਰ ਉਤੇ ਦਰਜ ਕਰ ਲਿਆ ਗਿਆ ਹੈ। ਰਿਪੋਰਟ-ਗਗਨਦੀਪ ਆਹੂਜਾ ਪਟਿਆਲਾ ਇਹ ਵੀ ਪੜ੍ਹੋ : ਗਾਇਕ ਦਲੇਰ ਮਹਿੰਦੀ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਕੋਈ ਰਾਹਤ