ਗੈਂਗਸਟਰ ਰਾਜਾ ਦੇ ਤਿੰਨ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਪਟਿਆਲਾ : ਨਾਭਾ ਦੀ ਨਵੀਂ ਜੇਲ੍ਹ ਚ ਬੰਦ ਗੈਂਗਸਟਰ ਰਾਜੀਵ ਰਾਜਾ ਜੇਲ੍ਹ ਵਿੱਚ ਬੈਠ ਕੇ ਵੀ ਨਾਜਾਇਜ਼ ਅਸਲੇ ਦੀ ਸਪਲਾਈ ਪੰਜਾਬ ਵਿੱਚ ਕਰ ਰਿਹਾ ਹੈ। ਜੇਲ੍ਹ ਤੋਂ ਬਾਹਰ ਬੈਠੇ ਉਸਦੇ ਇਸ਼ਾਰੇ ਉਤੇ ਬਾਹਰੀ ਰਾਜਾਂ ਤੋਂ ਨਾਜਾਇਜ਼ ਹਥਿਆਰ ਪੰਜਾਬ ਦੇ ਵੱਖ ਵੱਖ ਕੋਨਿਆਂ 'ਚ ਪਹੁੰਚਾ ਰਹੇ ਹਨ। ਇਸਦਾ ਖ਼ੁਲਾਸਾ ਰਾਜਾ ਦੇ ਤਿੰਨ ਕਰੀਬੀ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਇਆ ਹੈ। ਪੁਲਿਸ ਨੇ ਰਾਜਾ ਦੇ ਨੇੜਲੇ ਸਾਥੀਆਂ ਤਰੁਣ ਕਮਰ ਵਾਸੀ ਸੰਜੇ ਕਲੋਨੀ ਪਟਿਆਲਾ, ਜਸਦੀਪ ਸਿੰਘ ਉਰਫ ਜੱਸ ਵਾਸੀ ਪਿੰਡ ਰਸੂਲਪੁਰ ਸੈਂਦਾ, ਸੁਖਵਿੰਦਰ ਸਿੰਘ ਉਰਫ ਰਾਜਾ ਵਾਸੀ ਪਿੰਡ ਟੋਰੋਵਾਲ ਐਸਏਐਸ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖਿਲਾਫ਼ ਥਾਣ ਪਸਿਆਣਾ ਵਿਖੇ ਮਾਮਲਾ ਦਰਜ ਕੀਤਾ ਹੈ ਤੇ ਇਨ੍ਹਾਂ ਕੋਲੋਂ 5 ਪਿਸਟਲ 20 ਰੌਂਦ ਬਰਾਮਦ ਕੀਤੇ ਗਏ ਹਨ। ਐਸਪੀ ਡਾ. ਮਹਿਤਾਬ ਸਿੰਘ ਸੀ.ਆਈ.ਏ ਸਟਾਫ ਨੂੰ ਸੂਚਨਾ ਮਿਲੀ ਸੀ ਕਿ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਨਾਜਾਇਜ਼ ਹਥਿਆਰਾ ਦੀ ਸਪਲਾਈ ਕਰ ਰਹੇ ਹਨ। ਇਸ ਦੀ ਡੂੰਘਾਈ ਨਾਲ ਪੜਤਾਲ ਕਰਨ ਉਪਰੰਤ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਲਈ ਇਕ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਏ.ਕੈਟਾਗਿਰੀ ਦੇ ਗੈਂਗਸਟਰ ਰਜੀਵ ਉਰਫ ਰਾਜਾ ਜੋ ਕਿ ਵੱਖ-ਵੱਖ ਕੇਸਾਂ ਤਹਿਤ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ ਹੈ। ਰਾਜਾ ਉਤੇ ਕਤਲ, ਡਕੈਤੀ, ਹਾਈਵੇ ਤੋਂ ਖੋਹਾਂ ਆਦਿ ਦੇ ਕਰੀਬ 34 ਮੁਕੱਦਮੇ ਦਰਜ ਹਨ। ਰਜੀਵ ਰਾਜਾ ਜੇਲ੍ਹ ਵਿੱਚ ਬੰਦ ਰਹੇ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਅਸਲੇ ਦੇ ਸਪਲਾਈ ਕਰ ਰਿਹਾ ਹੈ। ਰਾਜਾ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ ਪਿਓ-ਪੁੱਤ : ਇਸ ਦੇ ਸਾਥੀ ਤਰੁਣ ਕੁਮਾਰ ਅਤੇ ਇਸਦਾ ਪਿਤਾ ਰਣਜੀਤ ਸਿੰਘ ਜੀਤਾ ਆਦਿ ਰਜੀਵ ਰਾਜੇ ਦੇ ਪੁਰਾਣੇ ਸਾਥੀ ਰਹੇ ਹਨ। ਸੀਆਈਏ ਟੀਮ ਵੱਲੋਂ ਮੈਣ ਰੋਡ 'ਤੇ ਨਾਕਾਬੰਦੀ ਕਰ ਕੇ ਤਰੁਣ ਅਤੇ ਜਸਦੀਪ ਸਿੰਘ ਉਰਫ ਜੱਸ ਨੂੰ ਗ੍ਰਿਫ਼ਤਾਰ ਕੀਤਾ। ਤਰੁਣ ਕੋਲੋਂ ਤਲਾਸ਼ੀ ਦੌਰਾਨ ਦੋ ਪਿਸਟਲ 32 ਬੋਰ, ਪੰਜ ਰੌਂਦ ਅਤੇ ਇਕ ਪਿਸਟਲ 30 ਬੋਰ, 05 ਰੌਂਦ ਅਤੇ ਜਸਦੀਪ ਸਿੰਘ ਉਰਫ ਜੱਸ ਕੋਲੋਂ ਇਕ ਪਿਸਟਲ 32 ਬੋਰ ਸਮੇਤ 05 ਰੌਂਦ ਬਰਾਮਦ ਹੋਏ। ਇਹ ਦੋਵੇਂ ਰਜੀਵ ਰਾਜੇ ਦੇ ਕਰੀਬੀ ਸਾਥੀ ਹਨ। ਇਕ ਅਸਲਾ ਇਸ ਗਿਰੋਹ ਵੱਲੋਂ ਸੁਖਵਿੰਦਰ ਸਿੰਘ ਰਾਜਾ ਨੂੰ ਦਿੱਤਾ ਗਿਆ। ਪੁਲਿਸ ਟੀਮ ਨੇ ਸੁਖਵਿੰਦਰ ਸਿੰਘ ਰਾਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਇਸ ਕੋਲੋਂ ਇਕ ਪਿਸਟਲ 32 ਬੋਰ ਸਮੇਤ 5 ਰੌਂਦ ਬਰਾਮਦ ਕੀਤੇ ਗਏ। ਤਰੁਣ ਕੁਮਾਰ ਅਤੇ ਜਸਦੀਪ ਸਿੰਘ ਉਰਫ ਜੱਸ ਦਾ ਅਪਰਾਧਿਕ ਪਿਛੋਕੜ ਹੈ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ। ਸੁਖਵਿੰਦਰ ਸਿੰਘ ਰਾਜਾ ਦੇ ਖਿਲਾਫ਼ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਇਹ ਵੀ ਪੜ੍ਹੋ : 'ਅਮੀਰ ਵਰਗ' ਨੂੰ 600 ਯੂਨਿਟ ਤੋਂ ਜ਼ਿਆਦਾ ਬਿੱਲ ਆਉਣ 'ਤੇ ਭਰਨਾ ਪਵੇਗਾ ਪੂਰਾ ਬਿੱਲ : ਬਿਜਲੀ ਮੰਤਰੀ ਹਰਭਜਨ ਸਿੰਘ