ਗੈਂਗਸਟਰ ਜਿੰਦੀ ਨੇ ਕੀਤੀ ਪੁਲਿਸ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼, ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ
ਲੁਧਿਆਣਾ : ਦੇਰ ਰਾਤ ਲੁਧਿਆਣਾ-ਜਲੰਧਰ ਬਾਈਪਾਸ ਉਤੇ ਸਲੇਮ ਟਾਬਰੀ ਇਲਾਕੇ 'ਚ ਕਾਰ ਵਿਚ ਜਾ ਰਹੇ ਗੈਂਗਸਟਰ ਅਤੇ ਪੁਲਿਸ ਵਿਚਕਾਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ। ਨਾਕੇਬੰਦੀ ਦੌਰਾਨ ਪੁਲਿਸ ਦੀ ਸੀਆਈਏ-1 ਟੀਮ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਗੈਂਗਸਟਰ ਜਤਿੰਦਰ ਉਰਫ਼ ਜਿੰਦੀ ਨੇ ਪੁਲਿਸ ਟੀਮ ਉਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਬੈਰੀਕੇਡਿੰਗ ਨੂੰ ਤੋੜ ਕੇ ਗੱਡੀ ਭਜਾ ਕੇ ਲੈ ਗਏ। ਪੁਲਿਸ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਤੇ ਉਸ ਦੀ ਕਾਰ ਦੇ ਟਾਇਰ 'ਤੇ ਦੋ ਗੋਲ਼ੀਆਂ ਚਲਾ ਦਿੱਤੀਆਂ ਪਰ ਮੁਲਜ਼ਮ ਫ਼ਰਾਰ ਹੋ ਗਏ। ਹੁਣ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਰਾਹੋਂ ਰੋਡ ਦੀ ਇੰਦਰਾ ਕਾਲੋਨੀ ਦੇ ਵਸਨੀਕ ਜਤਿੰਦਰ ਸਿੰਘ ਉਰਫ਼ ਜਿੰਦੀ ਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਕਤ ਕੇਸ ਕ੍ਰਾਈਮ ਬ੍ਰਾਂਚ ਦੇ ਏਐਸਆਈ ਪ੍ਰਿਤਪਾਲ ਸਿੰਘ ਦੀ ਸ਼ਿਕਾਇਤ ਉਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਆਪਣੇ ਬਿਆਨ 'ਚ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸਲੇਮ ਟਾਬਰੀ ਸਥਿਤ ਪੈਟਰੋਲ ਪੰਪ ਨੇੜੇ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਜਗਰਾਉਂ ਪੁਲ ਤੋਂ ਆ ਰਹੀ ਇਕ ਕਾਰ ਨੰਬਰ ਪੀ.ਬੀ.10ਐਫਏ 8758 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਸ ਕਾਰ ਦੀ ਖੱਬੀ ਸੀਟ 'ਤੇ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਬੈਠਾ ਸੀ। ਜਿਵੇਂ ਹੀ ਕਾਰ ਰੁਕੀ, ਉਸ ਨੇ ਡਰਾਈਵਰ ਸੀਟ ਉਪਰ ਬੈਠੇ ਨੌਜਵਾਨਾਂ ਨੂੰ ਉਥੋਂ ਗੱਡੀ ਭਜਾਉਣ ਲਈ ਕਿਹਾ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮਾਂ ਨੇ ਪੁਲਿਸ ਟੀਮ ਉਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਿਸ ਉਤੇ ਪੁਲਿਸ ਟੀਮ ਦੇ ਹੌਲਦਾਰ ਸਿਕੰਦਰ ਸਿੰਘ ਨੇ ਉਸ ਦੀ ਕਾਰ ਦੇ ਪਿਛਲੇ ਟਾਇਰ ਉਤੇ ਦੋ ਗੋਲ਼ੀਆਂ ਚਲਾ ਦਿੱਤੀਆਂ ਪਰ ਦਾ ਨਿਸ਼ਾਨਾ ਖੁੰਝ ਗਿਆ ਤੇ ਦੋਵੇਂ ਕਾਰ ਸਮੇਤ ਫਰਾਰ ਹੋਣ 'ਚ ਕਾਮਯਾਬ ਹੋ ਗਏ। ਇਸ ਮਗਰੋਂ ਪੁਲਿਸ ਨੇ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ। ਇਹ ਵੀ ਪੜ੍ਹੋ : ਚੰਡੀਗੜ੍ਹ 'ਚ 20 ਘੰਟਿਆਂ ਬਾਅਦ ਵੀ ਨਹੀਂ ਬੁਝੀ ਅੱਗ, ਹੋਇਆ ਕਰੋੜਾਂ ਦਾ ਨੁਕਸਾਨ ਗੈਂਗਸਟਰ ਜਤਿੰਦਰ ਸਿੰਘ ਜਿੰਦੀ ਕਾਤਲਾਨਾ ਹਮਲੇ ਤੇ ਗੈਂਗਵਾਰ ਦੇ ਕਈ ਮਾਮਲਿਆਂ 'ਚ ਨਾਮਜ਼ਦ ਹੈ। ਜਿੰਦੀ ਨੂੰ ਮੋਹਾਲੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਹਥਿਆਰਾਂ ਦੇ ਨਾਲ ਗ੍ਰਿਫਤਾਰ ਵੀ ਕੀਤਾ ਸੀ ਜਿਸ 'ਚ ਉਸ ਦੇ ਨਾਲ ਕਈ ਹੋਰ ਗੈਂਗਸਟਰਾਂ ਦੇ ਨਾਲ ਸਬੰਧ ਸਾਹਮਣੇ ਆਏ ਸਨ। ਜਿੰਦੀ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਚੱਲ ਰਿਹਾ ਹੈ ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀ ਲਗਾਤਾਰ ਉਸ ਦਾ ਪਿੱਛਾ ਕਰਦੀ ਰਹੀ ਹੈ। ਪੁਲਿਸ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਆ ਰਿਹਾ ਹੈ ਜਿਸ ਦੇ ਆਧਾਰ ਉਤੇ ਪੁਲਿਸ ਮੁਲਾਜ਼ਮਾਂ ਨੇ ਉਸ ਦਾ ਟਰੈਪ ਲਗਾਇਆ ਹੋਇਆ ਸੀ। -PTC News