ਬਠਿੰਡਾ ਜੇਲ੍ਹ 'ਚ ਗੈਂਗਸਟਰ ਗੁਰਦੀਪ ਸਿੰਘ ਤੇ ਰਾਜਵੀਰ ਸਿੰਘ ਵੱਲੋਂ ਸੁਰੱਖਿਆ ਮੁਲਾਜ਼ਮ ਦੀ ਕੁੱਟਮਾਰ
ਬਠਿੰਡਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਚ ਆ ਗਈ ਹੈ। ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਚ ਬੰਦ ਦੋ ਗੈਂਗਸਟਰਾਂ ਵੱਲੋਂ ਜੇਲ੍ਹ ਵਾਰਡਨ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਜੇਲ੍ਹ ਚ ਬੰਦ ਗੈਂਗਸਟਰ ਰਾਜਵੀਰ ਸਿੰਘ ਤੇ ਗੁਰਦੀਪ ਸਿੰਘ ਵੱਲੋਂ ਬੰਦੀ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਗੈਂਗਸਟਰਾਂ ਨੇ ਕੁੱਟਮਾਰ ਦੌਰਾਨ ਮੌਕੇ ਉਤੇ ਪਹੁੰਚੇ ਜੇਲ੍ਹ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ, ਸਕਿਓਰਿਟੀ ਬਲਾਕ ਵਿਚੋਂ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਕੀਤੀ। ਸੁਰੱਖਿਆ ਨਾਕੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਦੌਰਾਨ ਦੋਵਾਂ ਗੈਂਗਸਟਰਾਂ ਨੇ ਜੇਲ੍ਹ ਅਧਿਕਾਰੀਆਂ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਫਿਲਹਾਲ ਪੁਲਿਸ ਨੇ ਜੇਲ੍ਹ ਅਧਿਕਾਰੀ ਗੌਰਵਦੀਪ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਗੈਂਗਸਟਰਾਂ ਖ਼ਿਲਾਫ਼ ਬਠਿੰਡਾ ਕੈਂਟ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਗੈਂਗਸਟਰ ਕੋਲੋਂ ਮੋਬਾਈਲ ਫੋਨ ਤੇ ਪੰਜ ਸਿਮ ਕਾਰਡ ਬਰਾਮਦ ਹੋਏ ਸਨ। ਥਾਣਾ ਕੈਂਟ ਦੀ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਗੈਂਗਸਟਰ ਦੇ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਐੱਸਆਈ ਕਰਮਜੀਤ ਸਿੰਘ ਮੁਤਾਬਕ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਸਨ ਕਿ 24 ਜੂਨ ਨੂੰ ਜੇਲ੍ਹ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਗੈਂਗਸਟਰ ਰਾਜਬੀਰ ਸਿੰਘ ਵਾਸੀ ਪਿੰਡ ਨਾਥਪੁਰਾ ਜ਼ਿਲ੍ਹਾ ਗੁਰਦਾਸਪੁਰ ਕੋਲੋਂ ਮੋਬਾਈਲ ਫੋਨ ਤੇ ਪੰਜ ਸਿਮ ਕਾਰਡ ਬਰਾਮਦ ਕੀਤੇ ਗਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੇ ਪੱਤਰ ਦੇ ਅਧਾਰ 'ਤੇ ਮੁਲਜ਼ਮ ਰਾਜਬੀਰ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਇਹ ਵੀ ਪੜ੍ਹੋ : ਦੁਕਾਨਦਾਰ ਨੂੰ ਤਲਵਾਰ ਨਾਲ ਜ਼ਖਮੀ ਕਰ ਲੁਟੇਰੇ ਬਾਈਕ ਤੇ ਨਗਦੀ ਲੈ ਫਰਾਰ