ਗੈਂਗਸਟਰ ਗੋਲਡੀ ਬਰਾੜ ਨੇ ਬੰਬੀਹਾ ਗੈਂਗ ਦੇ ਨਾਂਅ ਸਾਂਝੀ ਕੀਤੀ ਨਵੀਂ ਪੋਸਟ
ਚੰਡੀਗੜ੍ਹ, 22 ਸਤੰਬਰ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੈਂਗਸਟਰ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ 'ਚ ਵੱਡੀ ਗੈਂਗਵਾਰ ਦਾ ਖ਼ਦਸ਼ਾ ਹੈ। ਆਲਮ ਇਹ ਹੈ ਕਿ ਇਹ ਸਾਰੇ ਗੈਂਗਸਟਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਨਹੀਂ ਥੱਕ ਰਹੇ। ਕੇਂਦਰ ਦੀਆਂ ਖੁਫੀਆ ਏਜੰਸੀਆਂ ਪਹਿਲਾਂ ਹੀ ਪੰਜਾਬ ਪੁਲਿਸ ਨੂੰ ਅਲਰਟ ਕਰ ਚੁੱਕੀਆਂ ਹਨ ਕਿ ਪੰਜਾਬ 'ਚ ਵੱਡੀ ਗੈਂਗ ਵਾਰ ਹੋਣ ਦੀ ਸੰਭਾਵਨਾ ਹੈ। ਉਦੋਂ ਤੋਂ ਪੁਲਿਸ ਵੀ ਚੌਕਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੇ ਇੱਕ ਵਾਰ ਫਿਰ ਬੰਬੀਹਾ ਗਰੁੱਪ ਨੂੰ ਮੁਖ ਰੱਖਦਿਆਂ ਇੱਕ ਪੋਸਟ ਸਾਂਝੀ ਕਰ ਉਨ੍ਹਾਂ ਨੂੰ ਸਲਾਹ ਦਿੱਤੀ ਹੈ। ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਲੋਕਾਂ ਦੀਆਂ ਲਾਸ਼ਾਂ 'ਤੇ ਛਾਲ ਨਹੀਂ ਮਾਰਨੀ ਚਾਹੀਦੀ। ਝੂਠੀ ਤਾਰੀਫ਼ ਲਈ ਕਿਸੇ ਦੇ ਕਤਲ ਨੂੰ ਸਿਰ 'ਤੇ ਨਹੀਂ ਲੈਣਾ ਚਾਹੀਦਾ। ਜੇਕਰ ਸਰਪ੍ਰਾਈਜ਼ ਦੇਣ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਅਸੀਂ ਪਹਿਲਾਂ ਵੀ ਕਈ ਸਰਪ੍ਰਾਈਜ਼ ਦਿੱਤੇ ਹਨ ਅਤੇ ਦਿੰਦੇ ਰਹਾਂਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਪਹਿਲੀਆਂ ਸਰਕਾਰਾਂ ਨੇ ਉਨ੍ਹਾਂ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਉਨ੍ਹਾਂ ਦੇ ਹੱਥਾਂ 'ਚ ਹਥਿਆਰ ਨਹੀਂ ਹੁੰਦੇ ਅਤੇ ਜੇਕਰ ਉਨ੍ਹਾਂ ਨੇ ਹਥਿਆਰ ਚੁੱਕੇ ਹਨ ਤਾਂ ਇਸ ਦਾ ਬਦਲਾ ਵੀ ਉਹ ਖੁਦ ਲੈ ਲੈਣਗੇ। ਆਪਣੀ ਇਸ ਪੋਸਟ ਵਿੱਚ ਗੈਂਗਸਟਰ ਗੋਲਡੀ ਬਰਾੜ ਵੱਲੋਂ ਇਹ ਸਾਰੀਆਂ ਗੱਲਾਂ ਬੰਬੀਹਾ ਗੈਂਗ ਨੂੰ ਸੰਬੋਧਨ ਕਰਦਿਆਂ ਲਿਖੀ ਗਈ ਹੈ। ਇਹ ਵੀ ਪੜ੍ਹੋ: ਭਦੌੜ ਤੋਂ 'ਆਪ' ਵਿਧਾਇਕ ਉਗੋਕੇ ਦੇ ਪਿਤਾ ਹਸਪਤਾਲ ਦਾਖ਼ਲ, ਸੋਸ਼ਲ ਮੀਡੀਆ 'ਤੇ ਜ਼ਹਿਰ ਨਿਗਲਣ ਦੀ ਚਰਚਾ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਬੰਬੀਹਾ ਗੈਂਗ ਨੇ ਕਿਹਾ ਸੀ ਕਿ ਉਨ੍ਹਾਂ ਨੇ ਰਾਜਸਥਾਨ ਦੇ ਨਾਗੌਰ 'ਚ ਸੰਦੀਪ ਬਿਸ਼ਨੋਈ ਦਾ ਕਤਲ ਕੀਤਾ ਹੈ, ਜਿਸ ਦੀ ਜ਼ਿੰਮੇਵਾਰੀ ਉਹ ਲੈ ਰਹੇ ਹਨ। ਇਸ ਤੋਂ ਬਾਅਦ ਅਗਲਾ ਨੰਬਰ ਜੱਗੂ ਭਗਵਾਨਪੁਰੀਆ, ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਦਾ ਹੋਵੇਗਾ। ਦੋਵਾਂ ਗੈਂਗ ਗਰੁੱਪਾਂ ਵੱਲੋਂ ਇੱਕ ਦੂਜੇ ਨੂੰ ਧਮਕੀਆਂ ਦੇਣ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਰਿਹਾ ਹੈ। -PTC News