ਗੈਂਗਸਟਰ ਬੌਬੀ ਮਲਹੋਤਰਾ ਦੇ ਵਕੀਲ ਦਾ ਦੋਸ਼ ਕਿਹਾ ਪੁਲਿਸ ਉਸਨੂੰ ਅਪਰਾਧ ਦੀ ਦੁਨੀਆ ਤੋਂ ਨਹੀਂ ਆਉਣ ਦੇ ਰਹੀ ਬਾਹਰ
ਬਠਿੰਡਾ, 30 ਸਤੰਬਰ: ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਬੌਬੀ ਮਲਹੋਤਰਾ ਨੇ ਪਿਛਲੇ ਮਹੀਨੇ ਜੇਲ੍ਹ ਪ੍ਰਸ਼ਾਸਨ ’ਤੇ ਹਮਲਾ ਕਰਵਾਉਣ ਦੇ ਇਲਜ਼ਾਮ ਲਾਏ ਸਨ। ਇਸ ਸਬੰਧੀ ਬੌਬੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜੇਲ੍ਹ ਬਦਲਣ ਦੀ ਮੰਗ ਕੀਤੀ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਹਾਈਕੋਰਟ ਨੇ ਇਸ ਮਾਮਲੇ ਵਿੱਚ ਸਰਕਾਰ ਅਤੇ ਡੀਜੀਪੀ ਪੰਜਾਬ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਅਕਤੂਬਰ ਮਹੀਨੇ ਦੀ 20 ਤਰੀਕ ਨੂੰ ਹੋਵੇਗੀ। ਦੱਸ ਦੇਈਏ ਕਿ ਬੌਬੀ ਮਲਹੋਤਰਾ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ। ਗੈਂਗਸਟਰ ਨੇ ਜੇਲ੍ਹ ਸੁਪਰਡੈਂਟ ਅਤੇ ਸਹਾਇਕ 'ਤੇ ਵੀ ਹਮਲਾ ਕਰਨ ਦਾ ਦੋਸ਼ ਲਗਾਇਆ ਸੀ। ਉਸ ਦਾ ਇਹ ਵੀ ਕਹਿਣਾ ਕਿ ਇਸ ਹਮਲੇ ਵਿੱਚ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਉਸਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸ ਦਰਮਿਆਨ ਗੈਂਗਸਟਰ ਸਾਰਜ ਮਿੰਟੂ ਦੀ ਵੀ ਕੁੱਟਮਾਰ ਕੀਤੀ ਗਈ ਸੀ। ਮਿੰਟੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਹੈ। ਇਹ ਮਾਮਲਾ ਪਿਛਲੇ ਜੁਲਾਈ ਮਹੀਨੇ ਦਾ ਦੱਸਿਆ ਜਾ ਰਿਹਾ ਹੈ। ਬੌਬੀ ਦੇ ਵਕੀਲ ਪ੍ਰਦੀਪ ਵਿਰਕ ਨੇ ਹੁਣ ਕਿਹਾ ਕਿ ਜੇਕਰ ਗੈਂਗਸਟਰ ਗੁਨਾਹ ਦੀ ਦੁਨੀਆ ਤੋਂ ਬਾਹਰ ਆਉਣਾ ਚਾਹੁੰਦਾ ਹੈ ਤਾਂ ਪੁਲਿਸ ਉਸ ਨੂੰ ਆਉਣਾ ਨਹੀਂ ਦੇਣਾ ਚਾਹੁੰਦੀ। ਗੈਂਗਸਟਰ ਮਲਹੋਤਰਾ ਨੇ ਇਹ ਇਲਜ਼ਾਮ ਉਸ ਸਮੇਂ ਲਾਏ ਜਦੋਂ ਉਸ ਨੂੰ ਅਸਲਾ ਐਕਟ ਦੇ ਕੇਸ ਵਿੱਚ ਪੇਸ਼ੀ ਲਈ ਅਗਸਤ ਮਹੀਨੇ ਵਿੱਚ ਬਠਿੰਡਾ ਜੇਲ੍ਹ ਤੋਂ ਅੰਮ੍ਰਿਤਸਰ ਅਦਾਲਤ ਵਿੱਚ ਲਿਆਂਦਾ ਗਿਆ ਸੀ। ਬੌਬੀ ਨੇ ਕਿਹਾ ਕਿ ਉਹ ਇਸ ਸਬੰਧੀ ਕਈ ਵਾਰ ਜੇਲ੍ਹ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਚੁੱਕਿਆ ਪਰ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਬੌਬੀ ਦੀ ਪਤਨੀ ਹਰਪ੍ਰੀਤ ਕੌਰ ਅਤੇ ਪਿਤਾ ਲਾਲ ਚੰਦ ਨੇ ਵੀ ਦੋਸ਼ ਲਾਇਆ ਸੀ ਕਿ ਬਠਿੰਡਾ ਜੇਲ੍ਹ ਵਿੱਚ ਬੌਬੀ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਨੇ ਸਰਕਾਰ ਨੂੰ ਬੌਬੀ ਦੀ ਜੇਲ੍ਹ ਬਦਲਣ ਦੀ ਅਪੀਲ ਕੀਤੀ ਸੀ। ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹਾ ਅਦਾਲਤ ਨੇ ਤਿੰਨਾਂ ਗੈਂਗਸਟਰਾਂ ਤੂਫ਼ਾਨ, ਰਈਆ ਅਤੇ ਮੱਖਣ ਨੂੰ ਭੇਜਿਆ ਜੇਲ੍ਹ ਦੱਸਣਯੋਗ ਹੈ ਕਿ ਬੌਬੀ ਮਲਹੋਤਰਾ ਖ਼ਿਲਾਫ਼ ਅੰਮ੍ਰਿਤਸਰ ਤੋਂ ਇਲਾਵਾ ਹੁਸ਼ਿਆਰਪੁਰ ਦੇ ਥਾਣਿਆਂ ਵਿੱਚ ਡੇਢ ਦਰਜਨ ਤੋਂ ਵੱਧ ਕੇਸ ਦਰਜ ਹਨ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਐਮਡੀ ਨੇਗੀ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। -PTC News