ਲੁਧਿਆਣਾ ਬਲਾਸਟ ਮਾਮਲੇ 'ਚ ਕਾਲ ਡਿਟੇਲ ਤੋਂ ਹੋਇਆ ਵੱਡਾ ਖ਼ੁਲਾਸਾ
Ludhiana Blast : ਪੰਜਾਬ ਦੀ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਧਮਾਕਾ ਕਰਨ ਵਾਲਾ ਮ੍ਰਿਤਕ ਗਗਨਦੀਪ ਸਿੰਘ ਅੰਮ੍ਰਿਤਸਰ ਗਿਆ ਸੀ। ਪੁਲਿਸ ਵੱਲੋਂ ਉਸ ਦੇ ਮੋਬਾਈਲ ਦੀ ਕਾਲ ਡਿਟੇਲ ਤੋਂ ਕੱਢੇ ਗਏ ਟਰੈਵਲ ਰਿਕਾਰਡ ਤੋਂ ਇਹ ਖੁਲਾਸਾ ਹੋਇਆ ਹੈ। ਉਹ ਧਮਾਕੇ ਤੋਂ ਕਰੀਬ 10 ਦਿਨ ਪਹਿਲਾਂ ਉੱਥੇ ਸੀ। ਹੁਣ ਉਹ ਉਥੇ ਕਿਸ ਨੂੰ ਮਿਲਿਆ, ਕੀ ਉਹ ਉਥੋਂ ਵਿਸਫੋਟਕ ਲੈ ਕੇ ਆਇਆ ਸੀ ਜਾਂ ਉਸ ਨੂੰ ਉਥੇ ਸਿਖਲਾਈ ਦਿੱਤੀ ਗਈ ਸੀ, ਏਜੰਸੀਆਂ ਇਸ ਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ। ਜਾਂਚ ਏਜੰਸੀਆਂ ਨੂੰ ਕੁਝ ਇਨਪੁਟ ਮਿਲੇ ਹਨ, ਜਿਨ੍ਹਾਂ 'ਤੇ ਕੰਮ ਕੀਤਾ ਜਾ ਰਿਹਾ ਹੈ।
ਇੰਨਾ ਹੀ ਨਹੀਂ ਇਸ ਦੌਰਾਨ ਉਹ ਕੁਝ ਹੋਰ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਵੀ ਸੰਪਰਕ 'ਚ ਸੀ ਅਤੇ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕਰਦਾ ਰਹਿੰਦਾ ਸੀ। ਹੁਣ ਇਸ ਸਬੰਧੀ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਰਿਮਾਂਡ 'ਤੇ ਲਏ ਗਏ ਰਣਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਤੋਂ ਇਹ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੀ ਗਗਨਦੀਪ ਸਿੰਘ ਨੇ ਉਨ੍ਹਾਂ ਦੀ ਤਰਫ਼ੋਂ ਟਰੇਨਰ ਨਾਲ ਜਾਣ-ਪਛਾਣ ਕਰਵਾਈ ਸੀ ਜਾਂ ਧਮਾਕਾਖੇਜ਼ ਸਮੱਗਰੀ ਹਾਸਲ ਕਰਨ 'ਚ ਮਦਦ ਕੀਤੀ ਸੀ।
ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਗਗਨਦੀਪ ਖੰਨਾ ਤੋਂ ਲੁਧਿਆਣਾ ਆਉਣ ਸਮੇਂ ਕਿਸੇ ਹੋਰ ਨਾਲ ਹੋ ਸਕਦਾ ਹੈ, ਜਿਸ ਦੀ ਜਾਂਚ ਏਜੰਸੀਆਂ ਜਾਂਚ 'ਚ ਜੁਟੀਆਂ ਹੋਈਆਂ ਹਨ ਕਿਉਂਕਿ ਉਸ ਦੀ ਸਫੇਦ ਰੰਗ ਦੀ ਐਕਟਿਵਾ ਖੰਨਾ ਦੇ ਸਿਵਲ ਹਸਪਤਾਲ ਤੋਂ ਮਿਲੀ ਹੈ।
ਗਗਨਦੀਪ ਸਿੰਘ ਦੇ ਖੰਨਾ ਸਥਿਤ ਘਰ 'ਤੇ ਅਜੇ ਵੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੈ। ਉਸ ਦੇ ਘਰ ਆਉਣ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਗਗਨਦੀਪ ਸਿੰਘ ਦੇ ਨਾਲ ਕੁਝ ਹੋਰ ਲੋਕ ਵੀ ਹੋ ਸਕਦੇ ਹਨ ਜੋ ਅੱਤਵਾਦੀਆਂ ਦੇ ਸੰਪਰਕ 'ਚ ਹਨ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਉਕਤ ਵਿਅਕਤੀਆਂ ਨਾਲ ਕੁਝ ਹੋਰ ਲੋਕਾਂ ਨੂੰ ਮਿਲਵਾ ਕੇ ਗਿਆ ਹੋ ਸਕਦਾ ਹੈ।
-PTC News