ਜਲੰਧਰ ਦੇ ਗੋਪਾਲ ਨਗਰ ਫਾਇਰਿੰਗ ਮਾਮਲੇ 'ਚ ਫ਼ਰਾਰ ਸ਼ੂਟਰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ
ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਸ਼ਨਿੱਚਰਵਾਰ ਨੂੰ ਇਸ ਸਾਲ 14 ਅਪ੍ਰੈਲ ਨੂੰ ਵਾਪਰੇ ਗੋਪਾਲ ਨਗਰ ਗੋਲੀਕਾਂਡ ਵਿੱਚ ਫਰਾਰ ਸ਼ੂਟਰ ਨੂੰ ਮਹਾਰਾਸ਼ਟਰ ਦੇ ਸ਼ਿਰਡੀ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪੁਨੀਤ ਸੋਨੀ ਵਾਸੀ ਸਥਾਨਕ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਜੋਂ ਹੋਈ ਹੈ, ਜਿਸ ਕੋਲੋਂ ਪੁਲਿਸ ਵੱਲੋਂ ਦੋ ਹਥਿਆਰ ਅਤੇ 25 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮ ਸਥਾਨਕ ਪੰਚਮ ਗਿਰੋਹ ਦਾ ਸਰਗਰਮ ਮੈਂਬਰ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀ.ਸੀ.ਪੀ.) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼-2 ਅਤੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਵੱਲੋਂ ਗੋਪਾਲ ਨਗਰ ਗੋਲੀ ਕਾਂਡ ਦੀ ਜਾਂਚ ਕੀਤੀ ਰਹੀ ਹੈ, ਜਿਸ ਵਿੱਚ ਮੁਲਜ਼ਮ ਨੇ ਹਿਮਾਂਸ਼ੂ ਸੋਂਧੀ ਉਤੇ ਗੋਲੀਆਂ ਚਲਾਈਆਂ ਸਨ ਅਤੇ ਇਸ ਦੌਰਾਨ ਇੱਕ ਰਾਹਗੀਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਪੁਨੀਤ ਸੋਨੀ ਫਾਇਰਿੰਗ ਦੀ ਘਟਨਾ ਤੋਂ ਬਾਅਦ ਤੋਂ ਹੀ ਫਰਾਰ ਹੈ ਅਤੇ ਸ਼ਿਰਡੀ ਸ਼ਹਿਰ 'ਚ ਰਹਿ ਰਿਹਾ ਹੈ, ਜਿਸ ਉਪਰੰਤ ਪੁਲਿਸ ਦੀ ਟੀਮ ਸ਼ਿਰਡੀ ਭੇਜੀ ਗਈ ਤੇ ਮਹਾਰਾਸ਼ਟਰ ਪੁਲਿਸ ਦੀ ਮਦਦ ਨਾਲ ਪੁਨੀਤ ਨੂੰ ਕਾਬੂ ਕੀਤਾ ਗਿਆ। ਪੁਨੀਤ ਉਤੇ ਪਹਿਲਾਂ ਵੀ ਦੋ ਅਪਰਾਧਿਕ ਕੇਸ ਚੱਲ ਰਹੇ ਹਨ। ਡੀਸੀਪੀ ਨੇ ਦੱਸਿਆ ਕਿ ਪੁਨੀਤ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਲਿਆ ਗਿਆ ਹੈ ਤੇ ਇਸ ਮਾਮਲੇ ਵਿੱਚ ਅੱਗੇ ਪੁੱਛਗਿੱਛ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਬੇਟੇ ਦੀ ਮੌਤ 'ਤੇ ਪੰਜਾਬ 'ਚ ਸਿਆਸਤ ਭਖੀ