ਕੋਰੋਨਾ ਕਾਲ ਦੌਰਾਨ ਨਿਯੁਕਤ ਕੀਤੇ ਠੇਕਾ ਮੁਲਾਜ਼ਮਾਂ ਨਾਲ ਮਤਰੇਈ ਮਾਂ ਨਾਲੋਂ ਭੈੜਾ ਵਤੀਰਾ
ਫਰੀਦਕੋਟ, 10 ਅਕਤੂਬਰ: ਸਹਿਤ ਵਿਭਾਗ ਪੰਜਾਬ ਵਲੋਂ ਕੋਰੋਨਾ ਕਾਲ ਦੌਰਾਨ ਲੈਬਾਰਟਰੀਆਂ 'ਚ ਠੇਕੇ 'ਤੇ ਨਿਯੁਕਤ ਕੀਤੇ ਗਏ ਮੁਲਾਜ਼ਮਾਂ ਨੂੰ ਹੁਣ ਪਿਛਲੇ ਬੂਹੇ ਥਾਈਂ ਘਰੇ ਤੋਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਸਿਲ ਜਾਣਕਾਰੀ ਮੁਤਾਬਕ ਇਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਨੌਕਰੀ ਕਰਦੇ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਠੇਕਾ ਮੁਲਾਜ਼ਮਾਂ ਦਾ ਕਹਿਣਾ ਕਿ ਸਿਹਤ ਵਿਭਾਗ ਵਲੋਂ ਕੋਰੋਨਾ ਕਾਲ ਦੌਰਾਨ 300 ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਗਏ ਸਨ, ਜਿਨ੍ਹਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਸੀ। ਕਾਬਿਲੇਗੌਰ ਹੈ ਕਿ ਇਸ ਬਾਬਤ ਲੰਘੇ ਜੂਨ ਦੇ ਮਹੀਨੇ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਇਨਹਾਂ ਠੇਕਾ ਮੁਲਾਜ਼ਮਾਂ ਲਈ ਕੌਂਸਲਿੰਗ ਵੀ ਰੱਖੀ ਗਈ ਸੀ। ਮੁਲਾਜ਼ਮਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਮੈਰਿਟ ਸੂਚੀ ਦੇ ਅਧਾਰ 'ਤੇ ਉਨ੍ਹਾਂ ਦੇ ਪਸੰਦੀਦਾ ਸਟੇਸ਼ਨਾਂ 'ਤੇ ਭੇਜਣ ਦਾ ਭਰੋਸਾ ਵੀ ਦਿੱਤਾ ਗਿਆ ਸੀ। ਪਰੰਤੂ ਹੁਣ ਇਨ੍ਹਾਂ ਮੁਲਾਜ਼ਮਾਂ ਨੂੰ ਆਊਟਸੋਰਸਿੰਗ ਕੰਪਨੀ ਵੱਲੋਂ ਦੂਰ ਦੁਰਾਡੇ ਦੇ ਸਟੇਸ਼ਨਾਂ 'ਤੇ ਜੁਆਇੰਨ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਇਨ੍ਹਾਂ ਹੀ ਨਹੀਂ ਸਗੋਂ ਇਨਹਾਂ ਕੋਰੋਨਾ ਯੋਧਿਆਂ ਦੀ ਤਨਖਾਹਾਂ ਵਿੱਚ 30 ਤੋਂ 60 ਫੀਸਦੀ ਦੀ ਕਟੌਤੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਵਿਚੋਂ ਹੀ ਅਮਨਦੀਪ ਸਿੰਘ, ਏਕਤਾ ਰਾਣੀ, ਨਵਦੀਪ ਸਿੰਘ, ਅਕਾਸ਼ਦੀਪ ਸਿੰਘ, ਅਮਰਜੀਤ ਸਿੰਘ, ਗੁਰਤੇਜ ਸਿੰਘ ਅਤੇ ਰਵਿੰਦਰ ਕੌਰ ਦਾ ਕਹਿਣਾ ਕਿ ਜਦੋਂ ਮਈ 2020 ਵਿੱਚ ਭਰਤੀ ਲਈ ਫਾਰਮ ਭਰੇ ਸਨ ਤਾਂ ਰੈਗੂਲਰ ਨੌਕਰੀਆਂ ਲਈ ਅਪਲਾਈ ਕੀਤਾ ਸੀ ਪਰ ਇੰਟਰਵਿਊ ਮਗਰੋਂ ਨਿਯੁਕਤੀ ਹੋਣ 'ਤੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਆਊਟਸੋਰਸਿੰਗ ਕੰਪਨੀ ਅਧੀਨ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ ਇਸ ਸਬੰਧ 'ਚ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਨੂੰ ਸੂਚਿਤ ਕਰ ਚੁੱਕੇ ਹਨ। -PTC News