ਤਰੁਣ ਚੁੱਘ ਤੇ ਸੁਖਪਾਲ ਖਹਿਰਾ ਦੇ ਬਿਆਨਾਂ ਤੋਂ ਕਾਂਗਰਸੀ ਵਿਧਾਇਕ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਸੰਕੇਤ!
ਚੰਡੀਗੜ੍ਹ : ਸੱਤਾ ਨੂੰ ਹਥਿਆਉਣ ਲਈ ਸਿਆਸਤ ਦਾ ਡਿੱਗਦਾ ਜਾ ਰਿਹਾ ਮਿਆਰ ਕਾਫੀ ਚਿੰਤਾ ਵਾਲਾ ਵਿਸ਼ਾ ਬਣ ਗਿਆ ਹੈ। ਸਿਆਸਤ ਵਿਚਾਰਧਾਰਾ ਕੇਂਦਰਤ ਤਾਂ ਛੱਡੋ, ਮੁੱਦੇ ਕੇਂਦਰਤ ਰਹਿਣ ਤੋਂ ਵੀ ਦੂਰ ਜਾ ਰਹੀ ਹੈ। ਹੁਣ ਸਿਆਸਤ ਸੱਤਾ ਵਿੱਚ ਆ ਕੇ ਸਮਾਜ ਸਿਰਜਣ ਦੇ ਸੁਪਨੇ ਪੂਰਾ ਕਰਨਾ ਨਹੀਂ ਬਲਕਿ ਸੱਤਾ ਉਤੇ ਕਬਜ਼ਾ ਕਰ ਕੇ ਵਪਾਰਕ ਲਾਭ ਵਾਂਗ ਮੁਨਾਫ਼ੇ ਦਾ ਸਾਧਨ ਬਣ ਰਹੀ ਹੈ। ਇਸ ਦਰਮਿਆਨ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਕੀਤੀ ਗਈ ਬਦਸਲੂਕੀ ਦੇ ਮੁੱਦੇ ਉਤੇ ਕੁੱਲ ਹਿੰਦ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਕੋਈ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਦੋਵੇਂ ਸੀਨੀਅਰ ਆਗੂਆਂ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਹੂ-ਬ-ਹੂ ਮੇਲ਼ ਖਾਂਦੇ ਨਜ਼ਰ ਆਏ। ਕੱਟੜ ਵਿਰੋਧੀ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਜਾਰੀ ਹੂ-ਬ-ਹੂ ਚਿੱਠੀ ਨਾਲ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਨ੍ਹਾਂ ਦੇ ਪ੍ਰੈਸ ਨੋਟਾਂ ਉਤੋਂ ਇਹ ਲੱਗ ਰਿਹਾ ਹੈ ਕਿ ਜਿਵੇਂ ਦੋਵੇਂ ਅੰਦਰੋਂ ਇਕਜੁੱਟ ਹੋਣ। ਦੋਵਾਂ ਸਿਆਸਤਦਾਨਾਂ ਵੱਲੋਂ ਜਾਰੀ ਬਿਆਨਾਂ ਵਿੱਚ ਹੈਰਾਨੀਜਨਕ ਸਮਾਨਤਾ ਮਗਰੋਂ ਸਿਆਸੀ ਮਾਹਿਰ ਅੰਦਾਜ਼ੇ ਲਗਾ ਰਹੇ ਹਨ ਕਿ ਕੀ ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਵੇਗਾ। ਸ਼੍ਰੋਮਣੀ ਅਕਾਲੀ ਦੇ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਵੀ ਇਸ ਉਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਭਾਜਪਾ ਆਗੂ ਤਰੁਣ ਚੁੱਘ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਵੱਲੋਂ ਜਾਰੀ ਚਿੱਠੀ ਹੂ-ਬ-ਹੂ ਇਕੋ ਹੈ। ਇਸ ਤੋਂ ਲੱਗ ਰਿਹਾ ਹੈ ਕਿ ਜਿਵੇਂ ਦੋਵੇਂ ਕੱਟੜ ਵਿਰੋਧੀ ਸਿਆਸੀ ਆਗੂ ਅੰਦਰੋਂ ਇਕ ਹੋਣ। ਉਨ੍ਹਾਂ ਨੇ ਸੰਭਾਵਨਾ ਜ਼ਾਹਿਰ ਕੀਤੀ ਕਿ ਸੁਖਪਾਲ ਸਿੰਘ ਖਹਿਰਾ ਭਾਜਪਾ ਵਿੱਚ ਸ਼ਮੂਲੀਅਤ ਕਰੇਗਾ। ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ. ਨਿੱਝਰ ਨੇ ਫਾਇਰ ਟੈਂਡਰਾਂ ਨੂੰ ਦਿੱਤੀ ਹਰੀ ਝੰਡੀ