ਟੈਂਡਰ ਘੁਟਾਲਾ ਮਾਮਲਾ : ਆਸ਼ੂ ਦੇ ਪੀਏ ਇੰਦਰਜੀਤ ਇੰਦੀ ਦੀ ਜ਼ਮਾਨਤ ਅਰਜ਼ੀ ਖ਼ਾਰਿਜ
ਲੁਧਿਆਣਾ : ਢੋਆ-ਢੁਆਈ ਟੈਂਡਰ ਘੁਟਾਲੇ ਮਾਮਲੇ ਵਿਚ ਮੁਲਜ਼ਮ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਪੀਏ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਖ਼ਾਰਿਜ ਕਰ ਦਿੱਤੀ ਗਈ ਹੈ। ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੰਦੀ ਫਰਾਰ ਚੱਲ ਰਿਹਾ ਹੈ। ਵਿਜੀਲੈਂਸ ਵਿਭਾਗ ਨੇ ਜਿਸ ਸਮੇਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ ਉਸ ਤੋਂ ਬਾਅਦ ਇੰਦਰਜੀਤ ਸਿੰਘ ਇੰਦੀ ਭਾਰਤ ਭੂਸ਼ਣ ਆਸ਼ੂ ਦੇ ਘਰੋਂ ਇਕ ਕਾਲੇ ਰੰਗ ਦਾ ਬੈਗ ਲੈ ਕੇ ਨਿਕਲਿਆ ਸੀ ਜਿਸ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋਈਆਂ ਹਨ। ਉਦੋਂ ਤੋਂ ਵਿਜੀਲੈਂਸ ਵਿਭਾਗ ਲਗਾਤਾਰ ਇੰਦਰਜੀਤ ਸਿੰਘ ਇੰਦੀ ਅਤੇ ਭਾਰਤ ਭੂਸ਼ਣ ਆਸ਼ੂ ਟੀਮ ਦੇ ਇਕ ਹੋਰ ਸਾਥੀ ਅਤੇ ਪੀਏ ਮੀਨੂ ਪੰਕਜ ਮਲਹੋਤਰਾ ਦੀ ਭਾਲ ਵਿਚ ਹੈ। ਵਿਜੀਲੈਂਸ ਵਿਭਾਗ ਨੇ ਪਿਛਲੇ ਦਿਨੀਂ ਇੰਦਰਜੀਤ ਸਿੰਘ ਇੰਦੀ ਅਤੇ ਮੀਨੂ ਪੰਕਜ ਮਲਹੋਤਰਾ ਨੂੰ ਭਗੌੜਾ ਕਰਾਰ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਸਰਕਾਰ ਲੋਕਾਂ ਨੂੰ ਸਿਹਤ ਤੇ ਸਿੱਖਿਆ ਸਹੂਲਤਾਂ ਦੇਣ ਲਈ ਵਚਨਬੱਧ : ਚੇਤਨ ਸਿੰਘ ਜੌੜਾਮਾਜਰਾ ਪਿਛਲੇ ਦਿਨਾਂ ਵਿੱਚ ਮੀਨੂ ਪੰਕਜ ਮਲਹੋਤਰਾ ਨੇ ਵੀ ਲੁਧਿਆਣਾ ਅਦਾਲਤ ਵਿਚ ਜ਼ਮਾਨਤ ਅਰਜ਼ੀ ਲਾਈ ਸੀ ਉਹ ਵੀ ਅਦਾਲਤ ਨੇ ਖ਼ਾਰਿਜ ਕਰ ਦਿੱਤੀ ਗਈ ਸੀ। ਵਿਜੀਲੈਂਸ ਵਿਭਾਗ ਨੂੰ ਸ਼ੱਕ ਹੈ ਕਿ ਜਿਹੜਾ ਕਾਲੇ ਰੰਗ ਦਾ ਬੈਗ ਇੰਦਰਜੀਤ ਸਿੰਘ ਇੰਦੀ ਲੈ ਕੇ ਨਿਕਲਿਆ ਹੈ ਉਸ ਵਿੱਚ ਢੋਆ-ਢੁਆਈ ਟੈਂਡਰ ਘੁਟਾਲੇ ਨੂੰ ਲੈ ਕੇ ਅਹਿਮ ਸਬੂਤ ਸਨ। ਵਿਜੀਲੈਂਸ ਵਿਭਾਗ ਪਿਛਲੇ ਕਈ ਦਿਨਾਂ ਤੋਂ ਦੋਵੇਂ ਮੁਲਜ਼ਮਾਂ ਦੀ ਤਲਾਸ਼ ਕਰ ਰਿਹਾ ਹੈ। ਵਿਜੀਲੈਂਸ ਵਿਭਾਗ ਨੂੰ ਸ਼ੱਕ ਹੈ ਕਿ 2 ਹਜ਼ਾਰ ਕਰੋੜ ਦੇ ਢੋਆ-ਢੁਆਈ ਟੈਂਡਰ ਘੁਟਾਲੇ ਦੀਆਂ ਦੋਵੇਂ ਅਹਿਮ ਕੜੀਆਂ ਹਨ। -PTC News