ਜਜ਼ਬੇ ਨੂੰ ਸਲਾਮ! ਇਨਸਾਨੀਅਤ ਦੀ ਮਿਸਾਲ ਬਣਿਆ ਇਹ ਆਟੋ ਚਾਲਕ, ਜਾਣੋ ਇਸਦੀ ਕਹਾਣੀ
ਬਠਿੰਡਾ: ਇਸਾਨੀਅਤ ਦੀ ਮਿਸਾਲ ਕਾਇਮ ਕਰਨ ਦੀ ਇਕ ਅਨੌਖੀ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਆਟੋ ਚਾਲਕ ਗੁਰਤੇਜ ਸਿੰਘ ਗਰਭਵਤੀ ਔਰਤਾਂ ਨੂੰ ਹਸਪਤਾਲ ਤੋਂ ਘਰ ਅਤੇ ਘਰ ਤੋਂ ਹਸਪਤਾਲ ਛੱਡਣ ਦਾ ਕੰਮ ਕਰਦਾ ਹੈ। ਦੱਸ ਦੇਈਏ ਕਿ ਗੁਰਤੇਜ ਸਿੰਘ ਪਿਛਲੇ ਕਰੀਬ 7 ਮਹੀਨਿਆਂ ਤੋਂ ਗਰਭਵਤੀ ਔਰਤਾਂ ਨੂੰ ਹਸਪਤਾਲ ਤੋਂ ਘਰ ਅਤੇ ਘਰ ਤੋਂ ਹਸਪਤਾਲ ਛੱਡਣ ਦਾ ਕੰਮ ਕਰ ਰਿਹਾ ਹੈ। ਗੁਰਤੇਜ ਸਿੰਘ ਦਾ AB ਬਲੱਡ ਗਰੁੱਪ ਹੈ, ਜੇਕਰ ਕੋਈ ਲੋੜਵੰਦ ਵਿਅਕਤੀ ਉਸ ਨੂੰ ਫੋਨ ਕਰਦਾ ਹੈ ਤਾਂ ਉਹ ਖੂਨਦਾਨ ਵੀ ਕਰ ਆਉਂਦਾ ਹੈ।
ਆਟੋ ਰਿਕਸ਼ਾ ਚਾਲਕ ਗੁਰਤੇਜ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਗਰਭਵਤੀ ਸੀ ਤਾਂ ਕਾਫੀ ਦੇਰ ਤੱਕ ਉਸ ਨੂੰ ਕੋਈ ਵਾਹਨ ਨਹੀਂ ਮਿਲਿਆ ਤਾਂ ਉਹ ਆਪਣੇ ਦੋਸਤ ਦੀ ਮਦਦ ਨਾਲ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ ਤਾਂ ਉਸ ਦੇ ਘਰ ਬੱਚੀ ਨੇ ਜਨਮ ਲਿਆ ਪਰ ਉਹ ਸਾਧਾਰਨ ਨਹੀਂ ਹੈ।
ਉਸ ਦੀ ਬੱਚੀ 4 ਸਾਲ ਦੀ ਹੈ, ਉਹ ਆਪਣੇ ਮਨ ਨਾਲ ਬੋਲਣ ਅਤੇ ਕੰਮ ਕਰਨ ਤੋਂ ਅਸਮਰੱਥ ਹੈ। ਇਸ ਤੋਂ ਬਾਅਦ ਗੁਰਤੇਜ ਸਿੰਘ ਨੇ ਸੋਚਿਆ ਕਿ ਕਿਸੇ ਹੋਰ ਗਰਭਵਤੀ ਮਹਿਲਾ ਨੂੰ ਹਸਪਤਾਲ ਜਾਣ ਵਿਚ ਦੇਰੀ ਨਾ ਹੋਵੇ, ਇਸ ਲਈ ਹੁਣ ਉਹ ਪਿਛਲੇ 7 ਮਹੀਨਿਆਂ ਤੋਂ ਆਪਣੇ ਆਟੋ ਰਿਕਸ਼ਾ ਵਿੱਚ ਗਰਭਵਤੀ ਔਰਤਾਂ ਨੂੰ ਮੁਫਤ ਸੇਵਾ ਦੇ ਰਿਹਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਖੇਤੀ ਦੇ ਆਧੁਨਿਕ ਮਾਡਲ ਬਾਰੇ ਬੋਰਲੌਗ ਇੰਸਟੀਚਿਊਟ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ
ਗੁਰਤੇਜ ਸਿੰਘ ਅਨੁਸਾਰ ਗਰਭਵਤੀ ਔਰਤਾਂ ਦੇ ਪਰਿਵਾਰਕ ਮੈਂਬਰ ਉਸ ਨੂੰ ਜ਼ਬਰਦਸਤੀ ਪੈਸੇ ਦਿੰਦੇ ਹਨ ਪਰ ਉਹ ਉਨ੍ਹਾਂ ਤੋਂ ਪੈਸੇ ਨਹੀਂ ਲੈਂਦਾ ਪਰ ਦੂਜੇ ਪਾਸੇ ਉਸ ਦੀਆਂ ਆਟੋ ਰਿਕਸ਼ਾ ਯੂਨੀਅਨਾਂ ਵਾਲੇ ਵੱਖ-ਵੱਖ ਨਾਂ ਲੈ ਕੇ ਉਸ ਦਾ ਮਜ਼ਾਕ ਉਡਾਉਂਦੇ ਹਨ ਪਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਸ਼ਬਦਾਂ ਨੂੰ ਅਣਗੌਲਿਆ ਕਰਦਾ ਹੈ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਉਸ ਦੇ ਪਾਸਿਓਂ ਹੋਰ ਸੇਵਾ ਜਾਰੀ ਰਹੇਗੀ।
(ਮਨੀਸ਼ ਗਰਗ ਦੀ ਰਿਪੋਰਟ)
-PTC News