ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਚਾਰ ਵਿਅਕਤੀ ਅਗਵਾ, 8 ਮਹੀਨੇ ਦੀ ਬੱਚੀ ਵੀ ਸ਼ਾਮਿਲ
ਅਮਰੀਕਾ: ਅਮਰੀਕਾ ਦੇ ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਚਾਰ ਲੋਕਾਂ ਦੇ ਅਗਵਾ ਹੋਣ ਦੀ ਖਬਰ ਹੈ। ਅਗਵਾ ਕੀਤੇ ਗਏ ਲੋਕਾਂ ਵਿੱਚ ਇੱਕ ਅੱਠ ਮਹੀਨੇ ਦੀ ਬੱਚੀ ਵੀ ਸ਼ਾਮਿਲ ਹੈ। ਇਹ ਘਟਨਾ ਸੋਮਵਾਰ ਨੂੰ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਵਿੱਚ ਵਾਪਰੀ। ਕਾਉਂਟੀ ਦੇ ਸ਼ੈਰਿਫ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਗਵਾ ਕੀਤੇ ਗਏ ਲੋਕਾਂ ਵਿੱਚ ਜਸਦੀਪ ਸਿੰਘ (36), ਉਸਦੀ ਪਤਨੀ ਜਸਲੀਨ ਕੌਰ (27), ਉਨ੍ਹਾਂ ਦੀ ਅੱਠ ਮਹੀਨਿਆਂ ਦੀ ਧੀ ਅਰੂਹੀ ਢੇਰੀ ਅਤੇ ਇੱਕ 39 ਸਾਲਾ ਵਿਅਕਤੀ ਅਮਨਦੀਪ ਸਿੰਘ ਸ਼ਾਮਲ ਹਨ। ਪੁਲਿਸ ਦਾ ਦਾਅਵਾ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਚਾਰਾਂ ਨੂੰ ਸਾਊਥ ਹਾਈਵੇਅ 59 ਤੋਂ ਅਗਵਾ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਸ਼ੱਕੀ ਅਗਵਾਕਾਰ ਖਤਰਨਾਕ ਅਤੇ ਹਥਿਆਰਬੰਦ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕਥਿਤ ਅਗਵਾ ਦਾ ਸਥਾਨ ਰਿਟੇਲਰਾਂ ਅਤੇ ਰੈਸਟੋਰੈਂਟਾਂ ਵਾਲੀ ਸੜਕ ਹੈ। ਸ਼ੈਰਿਫ ਦੇ ਦਫਤਰ ਨੇ ਸੋਮਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਜਨਤਾ ਨੂੰ ਸ਼ੱਕੀ ਜਾਂ ਪੀੜਤ ਦੇ ਕੋਲ ਨਾ ਜਾਣ ਲਈ ਕਹਿ ਰਹੇ ਹਾਂ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਸ਼ੱਕੀ ਜਾਂ ਪੀੜਤਾਂ ਕੋਲ ਨਹੀਂ ਜਾਣਾ ਚਾਹੀਦਾ ਅਤੇ ਜੇਕਰ ਉਹ ਦਿਖਾਈ ਦਿੰਦੇ ਹਨ ਤਾਂ 911 'ਤੇ ਕਾਲ ਕਰੋ। 2019 ਵਿੱਚ ਵੀ ਵਾਪਰੀ ਸੀ ਘਟਨਾ ਦੱਸ ਦੇਈਏ ਕਿ ਸਾਲ 2019 ਵਿੱਚ ਭਾਰਤੀ ਮੂਲ ਦੇ ਟੈਕਨੀਸ਼ੀਅਨ ਤੁਸ਼ਾਰ ਅਤਰੇ ਆਪਣੀ ਪ੍ਰੇਮਿਕਾ ਦੀ ਕਾਰ ਵਿੱਚ ਮ੍ਰਿਤਕ ਪਾਏ ਗਏ ਸਨ। ਉਸ ਨੂੰ ਅਮਰੀਕਾ ਵਿੱਚ ਇੱਕ ਡਿਜੀਟਲ ਮਾਰਕੀਟਿੰਗ ਕੰਪਨੀ ਦੇ ਮਾਲਕ ਨੇ ਕੈਲੀਫੋਰਨੀਆ ਵਿੱਚ ਉਸ ਦੇ ਘਰ ਤੋਂ ਅਗਵਾ ਕਰ ਲਿਆ ਸੀ। ਅਗਵਾ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਦੀ ਲਾਸ਼ ਬਰਾਮਦ ਕਰ ਲਈ ਗਈ।