ਬੱਸ ਦੀ ਲਪੇਟ 'ਚ ਆਈਆਂ ਚਾਰ ਵਿਦਿਆਰਥਣਾਂ, ਇਕ ਦੀ ਮੌਤ, ਮੁੱਖ ਮੰਤਰੀ ਨੇ ਦੁੱਖ ਜ਼ਾਹਿਰ ਕੀਤਾ
ਸੰਗਰੂਰ : ਅੱਜ ਮਹਿਲਾਂ ਚੌਕ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਵਿਦਿਆਰਥਣਾਂ ਸੜਕ ਹਾਦਸੇ ਕਾਰਨ ਗੰਭੀਰ ਜ਼ਖ਼ਮੀ ਹੋ ਗਏ, ਜਿਸ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ ਤਿੰਨ ਵਿਦਿਆਰਥਣਾਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖ਼ਲ ਕਰਵਾਇਆ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਪਰਮਿੰਦਰ ਕੁਮਾਰ ਨੇ ਦੱਸਿਆ ਕਿ 2 ਵਜੇ ਸਕੂਲ ਵਿੱਚੋਂ ਛੁੱਟੀ ਹੋਈ ਸੀ, ਵਿਦਿਆਰਥਣਾਂ ਆਪਣੇ ਘਰ ਨੂੰ ਜਾ ਰਹੀਆਂ ਸੀ, ਅਚਾਨਕ ਤੇਜ਼ ਰਫ਼ਤਾਰ ਪੀਆਰਟੀਸੀ ਬੱਸ ਆ ਗਈ, ਜਿਸ ਦੀ ਲਪੇਟ ਵਿਚ ਆਉਣ ਕਾਰਨ ਅਮਨਦੀਪ ਕੌਰ 13 ਸਾਲ ਪੁੱਤਰੀ ਜਗਜੀਵਨ ਸਿੰਘ ਜੋ ਕਿ ਸੱਤਵੀਂ ਕਲਾਸ ਦੀ ਵਿਦਿਆਰਥਣ ਸੀ, ਦੀ ਮੌਕੇ ਤੇ ਮੌਤ ਹੋ ਗਈ ਜਦਕਿ ਬਲਜਿੰਦਰ ਕੌਰ 11 ਸਾਲ ਪੁੱਤਰੀ ਹਰਭਜਨ ਸਿੰਘ, ਦਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਅਤੇ ਗੁਰਵੀਰ ਕੌਰ 8 ਸਾਲ ਪੁੱਤਰੀ ਹਰਭਜਨ ਸਿੰਘ ਨਿਵਾਸੀ ਮਹਿਲਾਂ ਚੌਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ ਜੋ ਸਿਵਲ ਹਸਪਤਾਲ ਸੰਗਰੂਰ ਵਿਖੇ ਜ਼ੇਰੇ ਇਲਾਜ ਹਨ। ਪੁਲਿਸ ਚੌਕੀ ਮਹਿਲਾਂ ਦੀ ਪੁਲਿਸ ਨੇ ਇਸ ਮੌਕੇ ਤੇ ਪਹੁੰਚ ਕੇ ਬੱਸ ਅਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਿਰਭੈ ਸਿੰਘ ਨਿਵਾਸੀ ਖੇਤਲਾ ਸੰਗਰੂਰ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਜਦੋਂ ਅਚਾਨਕ ਐਕਸੀਡੈਂਟ ਵੇਖਿਆ ਤਾਂ ਉਸ ਨੇ ਵਿਦਿਆਰਥਣਾਂ ਨੂੰ ਆਪਣੀ ਕਾਰ ਰਾਹੀਂ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚਾਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਦੇ ਮਹਿਲਾਂ ਚੌਂਕ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ 'ਤੇ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ, ਜਿਸ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਈਆਂ ਹਨ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਲਈ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਸਿੰਘ ਚੀਮਾ ਨੇ ਵੀ ਸੜਕ ਹਾਦਸੇ ਸਬੰਧੀ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਦਿੜਬ੍ਹਾ ਦੇ ਮਹਿਲਾਂ ਚੌਂਕ ਵਿੱਚ ਬੱਚਿਆਂ ਨਾਲ ਹੋਏ ਸੜਕ ਹਾਦਸੇ ਦੀ ਜਾਣਕਾਰੀ ਸੁਣਕੇ ਬੇਹੱਦ ਦੁੱਖ ਹੋਇਆ। ਪਰਮਾਤਮਾ ਪੀੜਤ ਪਰਿਵਾਰ ਨੂੰ ਹਿੰਮਤ ਬਖਸ਼ੇ। ਸਰਕਾਰ ਵਲੋਂ ਜਾਨ ਗਵਾਉਣ ਵਾਲੇ ਬੱਚੇ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀ ਬੱਚਿਆਂ ਦੇ ਇਲਾਜ ਦਾ ਸਾਰਾ ਖ਼ਰਚ ਸਰਕਾਰ ਚੁੱਕੇਗੀ। ਇਹ ਵੀ ਪੜ੍ਹੋ : ਪਲਾਸਟਿਕ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਦੋ ਜਣੇ ਝੁਲਸੇ