ਸਦਨ ਦੀ ਕਾਰਵਾਈ 'ਚ ਅੜਿੱਕਾ ਪਾਉਣ 'ਤੇ ਕਾਂਗਰਸ ਦੇ ਚਾਰ ਸੰਸਦ ਮੈਂਬਰ ਲੋਕ ਸਭਾ 'ਚੋਂ ਮੁਅੱਤਲ
ਨਵੀਂ ਦਿੱਲੀ : ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਲਈ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰਾਂ ਮਨੀਕਮ ਟੈਗੋਰ, ਜਿਓਤੀ ਮਣੀ, ਪੀਐੱਨ ਪ੍ਰਤਾਪ ਤੇ ਰਮਿਆ ਹਰੀਦਾਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਇਹ ਕਾਰਵਾਈ ਮਹਿੰਗਾਈ ਸਮੇਤ ਹੋਰ ਮੁੱਦਿਆਂ 'ਤੇ ਵਿਰੋਧੀ ਮੈਂਬਰਾਂ ਦੇ ਭਾਰੀ ਹੰਗਾਮੇ ਦਰਮਿਆਨ ਕੀਤੀ ਹੈ। ਮਾਨਸੂਨ ਸੈਸ਼ਨ ਦੇ ਛੇਵੇਂ ਦਿਨ ਸੋਮਵਾਰ ਨੂੰ ਸਪੀਕਰ ਬਿਰਲਾ ਨੇ ਸਦਨ ਦੇ ਅੰਦਰ ਪ੍ਰਦਰਸ਼ਨ ਕਰ ਰਹੇ ਸੰਸਦ ਮੈਂਬਰਾਂ ਨੂੰ ਅੰਤਿਮ ਚਿਤਾਵਨੀ ਦਿੱਤੀ। ਹੰਗਾਮੇ ਦੇ ਵਿਚਕਾਰ ਬਿਰਲਾ ਨੇ ਕਿਹਾ, ਇਹ ਲੋਕਤੰਤਰ ਦਾ ਮੰਦਰ ਹੈ। ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸੰਸਦ ਕੰਪਲੈਕਸ ਦੇ ਅੰਦਰ ਤਖ਼ਤੀਆਂ ਲੈ ਕੇ ਜਾਣ ਅਤੇ ਵਿਰੋਧ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਮਨੀਕਮ ਟੈਗੋਰ, ਜਿਓਤੀ ਮਣੀ, ਪੀਐੱਨ ਪ੍ਰਤਾਪ ਤੇ ਰਮਿਆ ਹਰੀਦਾਸ ਨੂੰ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਤੇ ਸਦਨ ਦੇ ਐਨ ਵਿਚਾਲੇ ਆ ਕੇ ਨਾਅਰੇਬਾਜ਼ੀ ਕਰਨ ਦੇ ਇਲਜ਼ਾਮ ਵਿੱਚ ਮੁਅੱਤਲ ਕਰ ਦਿੱਤਾ ਹੈ। ਲੋਕ ਸਭਾ ਵਿੱਚ ਮਹਿੰਗਾਈ ਦੇ ਮੁੱਦੇ ਉਪਰ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਮੈਂਬਰ ਸਰਕਾਰ ਨੂੰ ਘੇਰਦਿਆਂ ਨਾਅਰੇਬਾਜ਼ੀ ਕਰ ਰਹੇ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹਲਫ਼ਦਾਰੀ ਸਮਾਗਮ ਕਰਕੇ ਅੱਜ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨੂੰ ਦੁਪਹਿਰ 2ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਲੋਕ ਸਭਾ ਜਿਵੇਂ ਹੀ 2 ਵਜੇ ਜੁੜੀ ਤਾਂ ਵਿਰੋਧੀ ਧਿਰਾਂ ਨੇ ਮਹਿੰਗਾਈ ਤੇ ਹੋਰਨਾਂ ਮੁੱਦਿਆਂ ਉਤੇ ਸਰਕਾਰ ਨੂੰ ਘੇਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੌਲਾ-ਰੱਪਾ ਪੈਂਦਾ ਵੇਖ ਸਦਨ ਦੀ ਕਾਰਵਾਈ ਨੂੰ 3 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਸਦਨ ਜਦੋਂ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਮਹਿੰਗਾਈ ਤੇ ਹੋਰ ਮੁੱਦਿਆਂ ਉਤੇ ਚਰਚਾ ਦੀ ਮੰਗ ਨੂੰ ਲੈ ਕੇ ਬਜ਼ਿੱਦ ਰਹੀਆਂ। ਉਧਰ ਰਾਜ ਸਭਾ ਵਿੱਚ ਵੀ ਵਿਰੋਧੀ ਧਿਰਾਂ ਨੇ ਮਹਿੰਗਾਈ ਦੇ ਮੁੱਦੇ ਉਪਰ ਚਰਚਾ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਰੌਲਾ-ਰੱਪਾ ਨਾ ਰੁਕਿਆ ਤਾਂ ਸਦਨ ਦੇ ਚੇਅਰਮੈਨ ਨੇ ਕਾਰਵਾਈ ਸ਼ਾਮ 4 ਵਜੇ ਤੱਕ ਮੁਲਤਵੀ ਕਰ ਦਿੱਤੀ। ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਅੱਜ ਮਨਾ ਰਹੇ ਨੇ 56ਵਾਂ ਜਨਮ ਦਿਨ, ਸੁਖਬੀਰ ਬਾਦਲ ਨੇ ਦਿੱਤੀਆਂ ਮੁਬਾਰਕਾਂ