ਸਾਬਕਾ ਸਰਪੰਚ ਨੂੰ NIA ਦਾ ਜਾਅਲੀ ਇੰਸਪੈਕਟਰ ਬਣ ਠੱਗਣ ਪੁੱਜੇ, ਦੋ ਗ੍ਰਿਫ਼ਤਾਰ
ਪਟਿਆਲਾ : ਐਨਆਈਏ ਦਿੱਲੀ ਦਾ ਜਾਅਲੀ ਇੰਸਪੈਕਟਰ ਬਣ ਕੇ ਕਾਂਗਰਸ ਦੇ ਸਾਬਕਾ ਸਰਪੰਚ ਦੇ ਘਰ ਠੱਗੀ ਕਰਨ ਪੁੱਜੇ। ਮੁਲਜ਼ਮ ਨੂੰ ਪੁਲਿਸ ਨੇ ਉਸ ਦੇ ਸਾਥੀ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਦਾ ਫਰਜ਼ੀ ਸੰਮਨ ਦਿਖਾ ਕੇ ਥਾਣਾ ਸ਼ੰਭੂ ਇਲਾਕੇ ਵਿਚ ਰਹਿਣ ਵਾਲੇ ਸਾਬਕਾ ਸਰਪੰਚ ਤੋਂ 50 ਹਜ਼ਾਰ ਰੁਪਏ ਮੰਗ ਰਹੇ ਸਨ। ਮੁਲਜ਼ਮਾਂ ਦੀ ਪਛਾਣ ਅੰਕੁਸ਼ ਸ਼ਰਮਾ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਜਲੰਧਰ ਤੇ ਉਸ ਦੇ ਸਾਥੀ ਦਿਨੇਸ਼ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਜਲੰਧਰ ਦੇ ਰੂਪ ਵਿਚ ਹੋਈ ਹੈ।
ਇਨ੍ਹਾਂ ਦਾ ਤੀਜਾ ਸਾਥੀ ਤੇ ਮਾਸਟਰ ਮਾਈਂਡ ਪਰਮਜੀਤ ਸਿੰਘ ਫ਼ਰਾਰ ਚੱਲ ਰਿਹਾ ਹੈ। ਗ੍ਰਿਫ਼ਤਾਰ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਰਿਮਾਂਡ ਉਤੇ ਲਿਆ ਹੈ। ਫ਼ਰਾਰ ਚੱਲ ਰਹੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਅਜੀਤ ਸਿੰਘ ਵਾਸੀ ਪਿੰਡ ਮਦਨਪੁਰ ਚਲਹੇੜੀ ਨੇ ਦੱਸਿਆ ਕਿ ਉਹ ਸਾਬਕਾ ਸਰਪੰਚ ਹੈ। ਉਸ ਦੀ ਬੇਟੀ ਦਾ ਵਿਆਹ ਸਾਲ 2008 ਵਿਚ ਹੋਇਆ ਸੀ ਪਰ ਸਾਲ 2015 ਵਿਚ ਤਲਾਕ ਹੋ ਗਿਆ। ਤਲਾਕ ਕੇਸ ਤੋਂ ਬਾਅਦ ਬੇਟੀ ਵਿਦੇਸ਼ ਚਲੀ ਗਈ ਸੀ। ਮੁਲਜ਼ਮ ਅੰਕੁਸ਼ ਸ਼ਰਮਾ ਉਨ੍ਹਾਂ ਕੋਲ ਆਇਆ ਤੇ ਦੱਸਿਆ ਕਿ ਉਹ ਐਨਆਈਏ ਦਿੱਲੀ ਵਿਚ ਇੰਸਪੈਕਟਰ ਲੱਗਾ ਹੋਇਆ ਹੈ। ਉਸ ਕੋਲ ਸ਼ਿਕਾਇਤਕਰਤਾ ਦੀ ਬੇਟੀ ਦੇ ਨਾਮ ਦਾ ਅਦਾਲਤੀ ਸੰਮਨ ਹੈ।
ਇਹ ਵੀ ਪੜ੍ਹੋ : ਮਲਿਕਾਅਰਜੁਨ ਖੜਗੇ ਨੇ ਸੰਭਾਲੀ ਕਾਂਗਰਸ ਪ੍ਰਧਾਨ ਦੀ ਵਾਗਡੋਰ
ਮੁਲਜ਼ਮ ਨੇ ਪਰਿਵਾਰ ਨੂੰ ਧਮਕਾਉਣ ਤੋਂ ਬਾਅਦ 25 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਇੰਸਪੈਕਟਰ ਕਦੇ ਆਈਫੋਨ ਅਤੇ ਕਦੇ ਪੈਸੇ ਮੰਗਣ ਲੱਗੇ। 23 ਅਕਤੂਬਰ ਨੂੰ ਮੁਲਜ਼ਮ ਤਿੰਨ ਸਾਥੀਆਂ ਦੇ ਨਾਲ ਦੁਬਾਰਾ ਉਨ੍ਹਾਂ ਦੇ ਘਰ ਪੁੱਜਿਆ ਅਤੇ ਅਦਾਲਤ ਦਾ ਸੰਮਨ ਦਿਖਾਉਂਦੇ ਹੋਏ ਕਹਿਣ ਲੱਗਾ ਕਿ ਮਾਮਲੇ ਨੂੰ ਜੇ ਰਫਾ-ਦਫਾ ਕਰਨਾ ਹੈ ਤਾਂ 50 ਹਜ਼ਾਰ ਰੁਪਏ ਦੇਣੇ ਹੋਣਗੇ। ਸੰਮਨ ਨੂੰ ਚੈਕ ਕੀਤਾ ਤਾਂ ਉਸ ਉਤੇ ਜੱਜ ਦੇ ਦਸਤਖ਼ਤ ਨਹੀਂ ਸਨ। ਸ਼ੱਕ ਹੋਣ ਉਤੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੁਲਜ਼ਮ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਪੁਲਿਸ ਨੇ ਅੰਕੁਸ਼ ਤੇ ਦਿਨੇਸ਼ ਨੂੰ ਗ੍ਰਿਫਤਾਰ ਕਰਕੇ। ਪੁਲਿਸ ਤੀਜੇ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਰਿਪੋਰਟ-ਗਗਨਦੀਪ ਆਹੂਜਾ
-PTC News