ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦਾ ਦਿਹਾਂਤ
ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦਾ ਦਿਹਾਂਤ:ਚੰਡੀਗੜ੍ਹ : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸਨ। 88 ਸਾਲਾ ਗੁਰਦਾਸ ਸਿੰਘ ਬਾਦਲ ਨੇ ਵੀਰਵਾਰ ਦੇਰ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ ਹਨ। ਦੱਸਣਯੋਗ ਹੈ ਕਿ ਪਿਛਲੇ ਹਫਤੇ ਗੁਰਦਾਸ ਸਿੰਘ ਬਾਦਲ ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪਿਛਲੇ ਮਹੀਨੇ ਹੀ ਗੁਰਦਾਸ ਸਿੰਘ ਬਾਦਲ ਦੀ ਧਰਮ ਪਤਨੀ ਮਹਿੰਦਰ ਕੌਰ ਦਾ ਵੀ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਗੁਰਦਾਸ ਸਿੰਘ ਬਾਦਲ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਜਾਵੇਗਾ। ਗੁਰਦਾਸ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਛੋਟੇ ਭਰਾ ਸਨ।ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਮੁੱਚਾ ਬਾਦਲ ਪਰਿਵਾਰ ਹਾਜ਼ਰ ਰਹੇਗਾ। ਉਨ੍ਹਾਂ ਦਾ ਜਨਮ 6 ਅਗਸਤ 1931 ਨੂੰ ਪਿੰਡ ਅਬਲ ਖੁਰਾਣਾ (ਫ਼ਿਰੋਜ਼ਪੁਰ ) ਵਿਖੇ ਸ.ਰਘੁਰਾਜ ਸਿੰਘ ਢਿੱਲੋਂ ਦੇ ਘਰ ਹੋਇਆ। ਗੁਰਦਾਸ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰ ਪਾਰਲੀਮੈਂਟ ਵੀ ਰਹੇ। ਉਹ ਸਿਆਸੀ ਖੇਤਰ ਵਿਚ ਹਮੇਸ਼ਾ ਹੀ ਆਪਣੇ ਵੱਡੇ ਭਰਾ ਸ.ਪ੍ਰਕਾਸ਼ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ। ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਆਈਆਂ ਵੱਡੀਆਂ ਚੁਣੌਤੀਆਂ ਵਾਲੇ ਗੁਰਦਾਸ ਸਿੰਘ ਬਾਦਲ ਨੇ ਬੜੀ ਅਹਿਮ ਭੂਮਿਕਾ ਨਿਭਾਈ,ਜਿਸ ਕਾਰਨ ਬਾਦਲ ਪਰਿਵਾਰ ਹਮੇਸ਼ਾ ਕੀ ਅਜਿਹੀਆਂ ਚੁਣੌਤੀਆਂ ਵਿੱਚੋਂ ਜੇਤੂ ਹੋ ਕੇ ਨਿਕਲਦਾ ਰਿਹਾ। -PTCNews