ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ 'ਚੋਂ ਰਿਹਾਅ
ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਖ਼ੀਰ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚੋਂ ਰਿਹਾਅ ਹੋ ਗਏ। ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਸਾਧੂ ਸਿੰਘ ਧਰਮਸੋਤ ਦਾ ਸਵਾਗਤ ਕੀਤਾ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੈਨੂੰ ਨਿਆਪਾਲਿਕਾ ਉਤੇ ਪੂਰਾ ਭਰੋਸਾ ਹੈ। ਕਾਬਿਲੇਗੌਰ ਹੈ ਕਿ ਜੰਗਲਾਤ ਘਪਲੇ ਵਿਚ ਫਸੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਜੇ ਤੱਕ ਜੇਲ੍ਹ ਪ੍ਰਸ਼ਾਸਨ ਵੱਲੋਂ ਜ਼ਮਾਨਤ ਕਾਰਨ ਅੱਜ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਹਾਈ ਕੋਰਟ ਨੇ ਸਾਧੂ ਸਿੰਘ ਧਰਮਸੋਤ ਨੂੰ ਨਵੀਂਆਂ ਜੋੜੀਆਂ ਗਈਆਂ ਆਈਪੀਸੀ ਦੀਆਂ ਧਾਰਾਵਾਂ ਵਿਚ ਵੀ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ਮਿਲਣ ਮਗਰੋਂ ਸਾਰੀ ਕਾਗਜ਼ੀ ਪ੍ਰਕਿਰਿਆ ਤੋਂ ਬਾਅਦ ਸਾਬਕਾ ਕਾਂਗਰਸੀ ਮੰਤਰੀ ਨੂੰ ਜੇਲ੍ਹ ਵਿਚ ਰਿਹਾਅ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ : ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 36 ਲੱਖ ਰੁਪਏ ਦੇ ਸੋਨੇ ਸਮੇਤ ਯਾਤਰੀ ਕਾਬੂ ਕਾਬਿਲੇਗੌਰ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਪੰਜਾਬ ਵਿਜੀਲੈਂਸ ਵੱਲੋਂ ਇਕ ਮੁਲਜ਼ਮ ਨਿਤਿਨ ਬਾਂਸਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਐਫਆਈਆਰ ਵਿੱਚ ਧਾਰਾ 420, 465, 467,469 ਜੋੜੀਆਂ ਗਈਆਂ ਸਨ। ਇਹ ਧਾਰਾਵਾਂ ਹਾਈ ਕੋਰਟ ਦੇ ਆਰਡਰ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ ਸਨ। ਇਸ ਤਕਨੀਕੀ ਪੇਚ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਅਜੇ ਤੱਕ ਧਰਮਸੋਤ ਨੂੰ ਜ਼ਮਾਨਤ ਨਹੀਂ ਦਿੱਤੀ ਸੀ। ਇਸ ਮਗਰੋਂ ਸਾਧੂ ਸਿੰਘ ਧਰਮਸੋਤ ਦੇ ਵਕੀਲ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਬੀਤੀ 7 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਧੂ ਸਿੰਘ ਧਰਮਸੋਤ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਰਿਸ਼ਵਤ ਦੇ ਬਦਲੇ ਰੁੱਖਾਂ ਨੂੰ ਕੱਟਣ ਵਿਚ ਕਮਿਸ਼ਨ ਲੈਣ ਦੋਸ਼ ਸਨ। ਉਨ੍ਹਾਂ ਦੇ ਨਾਲ ਇੱਕ ਪੱਤਰਕਾਰ ਸਮੇਤ ਕੁਝ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। 13 ਜੂਨ ਨੂੰ ਮੁਹਾਲੀ ਅਦਾਲਤ ਨੇ ਉਸ ਨੂੰ ਕੇਸ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖਿਲਾਫ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। -PTC News