ਸਾਬਕਾ ਆਈਪੀਐਸ ਅਧਿਕਾਰੀਆਂ ਵੱਲੋਂ ਰਾਸ਼ਟਰਪਤੀ ਨੂੰ ਕੇਜਰੀਵਾਲ ਖ਼ਿਲਾਫ਼ ਸ਼ਿਕਾਇਤ
ਨਵੀਂ ਦਿੱਲੀ, 21 ਸਤੰਬਰ: ਦੇਸ਼ ਦੇ ਕਰੀਬ 30 ਸਾਬਕਾ ਆਈਪੀਐਸ ਅਧਿਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਰਾਸ਼ਟਰਪਤੀ ਨੂੰ ਸ਼ਿਕਾਇਤ ਕੀਤੀ ਹੈ। ਇਨ੍ਹਾਂ ਸਾਬਕਾ ਆਈਪੀਐਸ ਅਧਿਕਾਰੀਆਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਖ਼ਿਲਾਫ਼ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾਵਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਆਪਣੇ ਗੁਜਰਾਤ ਦੌਰੇ ਦੌਰਾਨ ਦੇਸ਼ ਦੀ ਪੁਲਿਸ ਦਾ ਮਨੋਬਲ ਡੇਗਣ ਦੇ ਇਰਾਦੇ ਨਾਲ ਪੁਲਿਸ ਕਰਮਚਾਰੀਆਂ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਕੇਜਰੀਵਾਲ ਦੇ ਗੁਜਰਾਤ ਦੌਰੇ ਨਾਲ ਜੁੜਿਆ ਹੈ। ਗੁਜਰਾਤ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਪਣੇ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਇੱਕ ਆਟੋ ਵਿੱਚ ਖਾਣਾ ਖਾਣ ਲਈ ਇੱਕ ਆਟੋ ਚਾਲਕ ਦੇ ਘਰ ਜਾ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਆਟੋ 'ਚ ਜਾਣ ਤੋਂ ਰੋਕ ਦਿੱਤਾ। ਇਸ 'ਤੇ ਕੇਜਰੀਵਾਲ ਦੀ ਪੁਲਿਸ ਵਾਲਿਆਂ ਨਾਲ ਤਿੱਖੀ ਬਹਿਸ ਹੋਈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋਈ। ਇਹ ਵੀ ਪੜ੍ਹੋ: ਸਪਾਈਸਜੈੱਟ ਨੇ 80 ਪਾਇਲਟਾਂ ਨੂੰ ਬਿਨਾਂ ਤਨਖ਼ਾਹ 'ਜ਼ਬਰੀ' ਛੁੱਟੀ 'ਤੇ ਭੇਜਿਆ ਹੁਣ ਆਈਪੀਐਸ ਅਧਿਕਾਰੀਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੇਜਰੀਵਾਲ ਨੇ ਪੁਲਿਸ ਖ਼ਿਲਾਫ਼ ਕੁੱਝ ਅਪਮਾਨਜਨਕ ਟਿੱਪਣੀਆਂ ਕੀਤੀਆਂ, ਜਿਸ ਨਾਲ ਪੁਲਿਸ ਦੇ ਮਨੋਬਲ ਨੂੰ ਗੰਭੀਰ ਠੇਸ ਪੁੱਜੀ ਹੈ। ਸ਼ਿਕਾਇਤ ਪੱਤਰ 'ਚ ਲਿਖਿਆ ਗਿਆ ਹੈ ਕਿ ਕੇਜਰੀਵਾਲ ਦੇਸ਼ ਦੀ ਰਾਜਧਾਨੀ ਦੇ ਮੁੱਖ ਮੰਤਰੀ ਹਨ, ਜਿਸ ਕਾਰਨ ਪੁਲਿਸ ਉਨ੍ਹਾਂ ਦੀ ਸੁਰੱਖਿਆ ਤੈਅ ਕਰਨ ਲਈ ਪਾਬੰਦ ਹੈ। ਅਜਿਹੇ 'ਚ ਕੇਜਰੀਵਾਲ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਿਆ ਅਤੇ ਇਹ ਕਹਿ ਕੇ ਜ਼ਲੀਲ ਕੀਤਾ ਕਿ ਗੁਜਰਾਤ ਦੇ ਪੁਲਿਸ ਅਧਿਕਾਰੀ ਸੂਬੇ ਦੀ ਸੁਰੱਖਿਆ 'ਤੇ ਕਾਲਾ ਧੱਬਾ ਹਨ। -PTC News