ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਸਾਬਕਾ ਡੀਐਫਐਸਸੀ ਅਤੇ ਪਨਸਪ ਅਧਿਕਾਰੀ ਨਾਮਜ਼ਦ
ਚੰਡੀਗੜ੍ਹ, 20 ਸਤੰਬਰ: ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂਰਾਮ ਅਤੇ ਏਜੰਟ ਕ੍ਰਿਸ਼ਨ ਲਾਲ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਹੈ। ਵਿਜੀਲੈਂਸ ਟੀਮ ਨੇ ਹੁਣ ਇਸ ਮਾਮਲੇ ਵਿੱਚ ਸਾਬਕਾ ਡੀਐਫਐਸਸੀ ਅਤੇ ਪਨਸਪ ਦੇ ਮੁਅੱਤਲ ਅਧਿਕਾਰੀ ਨੂੰ ਵੀ ਨਾਮਜ਼ਦ ਕੀਤਾ ਹੈ। ਸੇਵਾਮੁਕਤ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.) ਸੁਰਿੰਦਰ ਕੁਮਾਰ ਬੇਰੀ, ਪਨਸਪ ਦੇ ਜ਼ਿਲ੍ਹਾ ਮੈਨੇਜਰ ਜਗਨਦੀਪ ਢਿੱਲੋਂ (ਹੁਣ ਮੁਅੱਤਲ) ਦੇ ਨਾਂ ਵੀ ਸ਼ਾਮਲ ਕਰ ਲਏ ਗਏ ਹਨ। ਵਿਜੀਲੈਂਸ ਬਿਊਰੋ ਨੇ ਇਸ ਘੁਟਾਲੇ ਵਿੱਚ ਕਾਂਗਰਸੀ ਕੌਂਸਲਰ ਰੁਪਾਲੀ ਜੈਨ ਦੇ ਪਤੀ ਅਨਿਲ ਜੈਨ ਅਤੇ ਮੁੱਲਾਂਪੁਰ ਦਾਖਾ ਸਮੇਤ ਦੋ ਕਮਿਸ਼ਨ ਏਜੰਟਾਂ (ਆੜ੍ਹਤੀਆਂ) ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ ਦੇ ਭਰਾ ਮਹਾਵੀਰ ਬਾਂਸਲ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਜਾ ਚੁੱਕਿਆ ਹੈ। ਕ੍ਰਿਸ਼ਨ ਲਾਲ ਨੂੰ ਬੀਤੇ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਠੇਕੇਦਾਰ ਤੇਲੂ ਰਾਮ ਅਤੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾਣ ਵਾਲਾ ਉਹ ਤੀਜਾ ਮੁਲਜ਼ਮ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਕ੍ਰਿਸ਼ਨ ਲਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਅਨਾਜ ਸਸਤੇ ਭਾਅ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚਦਾ ਸੀ। ਮੁਲਜ਼ਮਾਂ ਦੇ ਸ਼ੈਲਰ ਵਿੱਚੋਂ ਵੱਡੀ ਮਾਤਰਾ ਵਿੱਚ ਯੂਪੀ ਅਤੇ ਬਿਹਾਰ ਦਾ ਬਾਰਦਾਨਾ ਬਰਾਮਦ ਹੋਇਆ ਹੈ। ਗ੍ਰਿਫਤਾਰੀ ਦੌਰਾਨ 12 ਲੱਖ ਦੀ ਨਕਦੀ ਵੀ ਬਰਾਮਦ ਹੋਈ। ਮੁਲਜ਼ਮ ਮਹਾਵੀਰ ਬਾਂਸਲ ਅਤੇ ਅਨਿਲ ਜੈਨ ਦੋਵਾਂ ਉੱਤੇ ਕਮਿਸ਼ਨ ਏਜੰਟ ਕਰਕੇ ਕਮਿਸ਼ਨਬਾਜ਼ੀ ਦਾ ਇਲਜ਼ਾਮ ਲੱਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਅਨਾਜ ਦੀ ਸੰਭਾਲ ਲਈ ਆਪਣੇ ਸ਼ੈਲਰ ਅਲਾਟ ਕੀਤੇ ਗਏ ਸਨ। ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਇਹ ਵੀ ਦੋਸ਼ ਲਾਇਆ ਹੈ ਕਿ ਦੋਵੇਂ ਦੂਜੇ ਰਾਜਾਂ ਤੋਂ ਤਸਕਰੀ ਕੀਤੇ ਅਨਾਜ ਦੀ ਫਰਜ਼ੀ ਬਿਲਿੰਗ ਵਿੱਚ ਸ਼ਾਮਲ ਸਨ ਪਰ ਇਨ੍ਹਾਂ ਦੋਸ਼ਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਇਲਜ਼ਾਮ ਹੈ। ਆਸ਼ੂ 'ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਦੁਰਵਿਵਹਾਰ ਕਰਨ ਦੇ ਇਲਜ਼ਾਮ ਲਾਏ ਗਏ ਸਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ। ਹਾਲਾਂਕਿ ਆਸ਼ੂ ਦਾ ਕਹਿਣਾ ਹੈ ਕਿ ਇਹ ਟੈਂਡਰ ਡੀਸੀ ਦੀ ਅਗਵਾਈ ਵਿੱਚ ਕਮੇਟੀਆਂ ਵੱਲੋਂ ਅਲਾਟ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਕਿ ਉਸ 'ਤੇ ਸਾਜ਼ਿਸ਼ ਤਹਿਤ ਦੋਸ਼ ਲਾਏ ਜਾ ਰਹੇ ਹਨ। - ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ -PTC News